PM ਮੋਦੀ ਅੱਜ 9 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਭੇਜਣਗੇ 18 ਹਜ਼ਾਰ ਕਰੋੜ ਰੁਪਏ
Friday, Dec 25, 2020 - 09:32 AM (IST)
ਨਵੀਂ ਦਿੱਲੀ : ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 7ਵੀਂ ਕਿਸ਼ਤ ਭੇਜਣਗੇ। ਇਸ ਤਹਿਤ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ 18,000 ਕਰੋੜ ਰੁਪਏ ਭੇਜੇ ਜਾਣਗੇ।
ਪੀ. ਐੱਮ. ਮੋਦੀ ਦੇ ਸਮਾਗਮ ਵਿਚ 6 ਸੂਬਿਆਂ ਤੋਂ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿਚ ਕਿਸਾਨ ਇਸ ਯੋਜਨਾ ਦੇ ਬਾਰੇ ਵਿਚ ਆਪਣੇ ਅਨੁਭਵ ਦੱਸਣਗੇ ਅਤੇ ਸਰਕਾਰ ਦੇ ਹੋਰ ਕਿਸਾਨ ਕਲਿਆਣ ਪ੍ਰੋਗਰਾਮਾਂ ਦੇ ਬਾਰੇ ਵਿਚ ਵੀ ਫੀਡਬੈਕ ਦੇਣਗੇ। ਇਸ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਰਹਿਣਗੇ।
ਦੱਸ ਦੇਈਏ ਕਿ ਕਿਸਾਨਾਂ ਦੇ ਖਾਤਿਆਂ ਵਿਚ ਅਗਲੀ ਕਿਸ਼ਤ ਭੇਜਣ ਨੂੰ ਲੈ ਕੇ ਪੀ.ਐਮ. ਮੋਦੀ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਕੱਲ ਦਾ ਦਿਨ ਦੇਸ਼ ਦੇ ਅਨਦਾਤਾਵਾਂ ਲਈ ਬੇਹੱਦ ਅਹਿਮ ਹੈ। ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 9 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਨੂੰ ਪੀ.ਐਮ.-ਕਿਸਾਨ ਦੀ ਅਗਲੀ ਕਿਸ਼ਤ ਜ਼ਾਰੀ ਕਰਨ ਦਾ ਸਨਮਾਨ ਮਿਲੇਗਾ। ਇਸ ਮੌਕੇ ’ਤੇ ਕਈ ਸੂਬਿਆਂ ਦੇ ਕਿਸਾਨ ਭਰਾ-ਭੈਣਾਂ ਨਾਲ ਗੱਲਬਾਤ ਵੀ ਕਰਾਂਗਾ।’
ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਪੀ.ਐਮ. ਮੋਦੀ ਦੇ ਸੰਬੋਧਨ ਲਈ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਬੀ.ਜੇ.ਪੀ. ਨੇ ਇਸ ਪ੍ਰੋਗਰਾਮ ਲਈ ਕਿਸਾਨ ਚੌਪਾਲ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਬੀ.ਜੇ.ਪੀ. ਪ੍ਰਧਾਨ ਜੇਪੀ ਨੱਡਾ ਨੇ ਆਪਣੇ ਕਾਰਜਕਰਤਾਵਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਕਿਹਾ ਹੈ ਅਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਹੁਕਮ ਦਿੱਤਾ ਹੈ।