ਲਕਸ਼ਦੀਪ ''ਚ ਦਿੱਸਿਆ PM ਮੋਦੀ ਦਾ ਵੱਖਰਾ ਅੰਦਾਜ਼, ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ
Friday, Jan 05, 2024 - 11:47 AM (IST)
ਕਾਵਰੱਤੀ- ਲਕਸ਼ਦੀਪ ਆਪਣੀ ਕੁਦਰਤੀ ਸੁੰਦਰਤਾ ਕਰ ਕੇ ਜਾਣਿਆ ਜਾਂਦਾ ਹੈ। ਇੱਥੋਂ ਦੇ ਸੁੰਦਰ ਸਮੁੰਦਰੀ ਤੱਟ ਵਾਤਾਵਰਣ ਪ੍ਰੇਮੀਆਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਕਾਫੀ ਆਕਰਸ਼ਿਤ ਕਰਦੇ ਹਨ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਦੀਪ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਥੇ ਸਮੁੰਦਰ ਕੰਢੇ ਕੁਝ ਸਮਾਂ ਬਤੀਤ ਕੀਤਾ। ਲਕਸ਼ਦੀਪ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਲਕਸ਼ਦੀਪ ਆਓ। ਜੇਕਰ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਤਾਂ ਲਕਸ਼ਦੀਪ ਜ਼ਰੂਰ ਆਓ।
ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦੀਪ ਵਿਚ ਸਮੁੰਦਰ ਕੰਢੇ ਸਵੇਰ ਦੀ ਸੈਰ ਕੀਤੀ। ਨਾਲ ਹੀ ਕੁਰਸੀ 'ਤੇ ਬੈਠੇ ਹੋਏ ਵੀ ਨਜ਼ਰ ਆਏ। ਲਕਸ਼ਦੀਪ ਦੌਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੀ ਸੋਸ਼ਲ ਮੀਡੀਆ ਮੰਚ ਐਕਸ 'ਤੇ ਮਾਲਦੀਵ ਟਰੈਂਡ ਕਰਨ ਲੱਗਾ। ਲੋਕਾਂ ਨੇ ਲਕਸ਼ਦੀਪ ਨੂੰ ਘੁੰਮਣ ਲਈ ਬਿਹਤਰ ਥਾਂ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਦਰਤੀ ਸੁੰਦਰਤਾ ਤੋਂ ਇਲਾਵਾ ਲਕਸ਼ਦੀਪ ਦੀ ਸ਼ਾਂਤੀ ਵੀ ਮੰਤਰ-ਮੁਗਧ ਕਰ ਦੇਣ ਵਾਲੀ ਹੈ। ਇਸ ਨੇ ਮੈਨੂੰ ਇਹ ਸੋਚਣ ਦਾ ਮੌਕਾ ਦਿੱਤਾ ਕਿ 140 ਕਰੋੜ ਭਾਰਤੀਆਂ ਦੇ ਕਲਿਆਣ ਲਈ ਹੋਰ ਵੀ ਸਖ਼ਤ ਮਿਹਨਤ ਕਿਵੇਂ ਕੀਤੀ ਜਾਵੇ।
ਇਕ ਯੂਜ਼ਰ ਨੇ ਐਕਸ 'ਤੇ ਲਿਖਿਆ ਕਿ ਅਗਲੇ 10 ਸਾਲਾਂ ਵਿਚ ਲਕਸ਼ਦੀਪ ਸੈਰ-ਸਪਾਟੇ ਦੇ ਮਾਮਲੇ ਵਿਚ ਮਾਲਦੀਵ ਨੂੰ ਪਿੱਛੇ ਛੱਡ ਦੇਵੇਗਾ। ਇਕ ਹੋਰ ਯੂਜ਼ਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਤਾਰੀਫ਼ ਕਰਦਿਆਂ ਲਿਖਿਆ ਕਿ ਮਾਲਦੀਵ ਨੂੰ ਛੇਤੀ ਹੀ ਲਕਸ਼ਦੀਪ ਤੋਂ ਟੱਕਰ ਮਿਲ ਸਕਦੀ ਹੈ।