ਸਾਲ 2019 ਤੋਂ ਹੁਣ ਤੱਕ 21 ਵਾਰ ਵਿਦੇਸ਼ ਗਏ PM ਮੋਦੀ, ਯਾਤਰਾਵਾਂ 'ਤੇ ਇੰਨੇ ਕਰੋੜ ਹੋਏ ਖਰਚ
Friday, Feb 03, 2023 - 12:28 PM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਸੰਸਦ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਤੋਂ ਹੁਣ ਤੱਕ 21 ਵਿਦੇਸ਼ ਯਾਤਰਾਵਾਂ ਕੀਤੀਆਂ ਹਨ, ਜਿਨ੍ਹਾਂ ’ਤੇ 22.76 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 2019 ਤੋਂ ਰਾਸ਼ਟਰਪਤੀ ਦੇ 8 ਵਿਦੇਸ਼ੀ ਦੌਰਿਆਂ ਲਈ 6,24,31,424 ਰੁਪਏ, ਪ੍ਰਧਾਨ ਮੰਤਰੀ ਦੇ ਦੌਰਿਆਂ ਲਈ 22,76,76,934 ਰੁਪਏ ਅਤੇ ਵਿਦੇਸ਼ ਮੰਤਰੀ ਦੇ ਦੌਰਿਆਂ ਲਈ 20,87,01,475 ਰੁਪਏ ਖਰਚ ਕੀਤੇ।
ਮੁਰਲੀਧਰਨ ਨੇ ਕਿਹਾ ਕਿ 2019 ਤੋਂ ਰਾਸ਼ਟਰਪਤੀ ਨੇ 8 ਵਿਦੇਸ਼ ਯਾਤਰਾਵਾਂ ਕੀਤੀਆਂ, ਉੱਥੇ ਹੀ ਪ੍ਰਧਾਨ ਮੰਤਰੀ ਨੇ 21 ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 86 ਵਿਦੇਸ਼ ਯਾਤਰਾਵਾਂ ਕੀਤੀਆਂ। 2019 ਦੇ ਬਾਅਦ ਤੋਂ ਪੀ.ਐੱਮ. ਮੋਦੀ. ਨੇ ਤਿੰਨ ਵਾਰ ਜਾਪਾਨ, 2 ਵਾਰ ਅਮਰੀਕਾ ਅਤੇ ਇਕ ਵਾਰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ। ਰਾਸ਼ਟਰਪਤੀ ਦੀਆਂ 8 ਯਾਤਰਾਵਾਂ 'ਚੋਂ 7 ਯਾਤਰਾ ਰਾਮਨਾਥ ਕੋਵਿੰਦ ਨੇ ਕੀਤੀਆਂ ਸਨ, ਜਦੋਂ ਕਿ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਿਛਲੇ ਸਤੰਬਰ 'ਚ ਬ੍ਰਿਟੇਨ ਦਾ ਦੌਰਾ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ