ਪ੍ਰਧਾਨ ਮੰਤਰੀ ਮੋਦੀ ਵਲੋਂ ਬਿਹਾਰ ਨੂੰ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ

Thursday, Apr 24, 2025 - 10:39 PM (IST)

ਪ੍ਰਧਾਨ ਮੰਤਰੀ ਮੋਦੀ ਵਲੋਂ ਬਿਹਾਰ ਨੂੰ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ

ਮਧੂਬਨੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੱਗਭਗ 13,500 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਅਤੇ 4 ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ 4 ਨਵੀਆਂ ਰੇਲਗੱਡੀਆਂ ਵਿਚ ਸਹਿਰਸਾ ਅਤੇ ਮੁੰਬਈ ਵਿਚਾਲੇ ‘ਅੰਮ੍ਰਿਤ ਭਾਰਤ ਐਕਸਪ੍ਰੈੱਸ’, ਜੈਨਗਰ ਅਤੇ ਪਟਨਾ ਵਿਚਾਲੇ ‘ਨਮੋ ਭਾਰਤ ਰੈਪਿਡ ਰੇਲ’, ਪਿਪਰਾ-ਸਹਿਰਸਾ ਅਤੇ ਸਹਿਰਸਾ-ਸਮਸਤੀਪੁਰ ਵਿਚਾਲੇ ਚੱਲਣ ਵਾਲੀਆਂ ਰੇਲਗੱਡੀਆਂ ਸ਼ਾਮਲ ਹਨ। ਇਥੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਸੁਪੌਲ-ਪਿਪਰਾ ਰੇਲਵੇ ਲਾਈਨ, ਹਸਨਪੁਰ-ਬਿਥਨ ਰੇਲਵੇ ਲਾਈਨ ਅਤੇ ਛਪਰਾ ਅਤੇ ਬਗਹਾ ਵਿਚ ਦੋ-ਲੇਨ ਰੇਲਵੇ ਓਵਰਬ੍ਰਿਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਖਗੜੀਆ-ਅਲੌਲੀਆ ਰੇਲਵੇ ਲਾਈਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।

ਮੋਦੀ ਨੇ ਦੇਸ਼ ਭਰ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਆਪਣੇ ਪਿੰਡਾਂ ਦਾ ਵਿਕਾਸ ਕੀਤੇ ਬਿਨਾਂ ਵਿਕਾਸ ਨਹੀਂ ਕਰ ਸਕਦਾ। ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕੀਤੇ ਗਏ ਕੰਮਾਂ ਦੀ ਵੀ ਸ਼ਲਾਘਾ ਕੀਤੀ।

ਬਿਹਾਰ ’ਚ ਇਸ ਸਾਲ ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਸੰਭਾਵਿਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਵਿਕਸਿਤ ਬਿਹਾਰ ਜ਼ਰੂਰੀ ਹੈ ਅਤੇ ਇਹ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਤਰੱਕੀ ਦਾ ਲਾਭ ਸੂਬੇ ਦੇ ਸਾਰੇ ਕੋਨਿਆਂ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਇਹ ਵਿਚਾਰ ਕਿ ਪਿੰਡਾਂ ਨੂੰ ਸਸ਼ਕਤ ਬਣਾਏ ਬਿਨਾਂ ਭਾਰਤ ਵਿਕਾਸ ਨਹੀਂ ਹੋ ਸਕਦਾ, ਪੰਚਾਇਤੀ ਰਾਜ ਪ੍ਰਣਾਲੀ ਦੇ ਪਿੱਛੇ ਦੀ ਧਾਰਨਾ ਹੈ।


author

DILSHER

Content Editor

Related News