ਕੋਲਕਾਤਾ ਦੁਰਗਾ ਪੂਜਾ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

Saturday, Oct 17, 2026 - 11:43 PM (IST)

ਕੋਲਕਾਤਾ ਦੁਰਗਾ ਪੂਜਾ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਉੱਤਰੀ ਖੇਤਰ ਵਿੱਚ ਸਥਿਤ 'ਚੋਰਬਾਗਾਨ ਸਾਰਵਜਨੀਨ' ਦੁਰਗਾ ਪੂਜਾ ਪੰਡਾਲ ਵਿੱਚ ਸਪਤਮੀ ਦੀ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਗਿਰੀਸ਼ ਪਾਰਕ ਥਾਣਾ ਖੇਤਰ ਅਧੀਨ ਆਉਂਦੇ ਸ਼ਾਰਦਾ ਪਾਰਕ ਪੂਜਾ ਪੰਡਾਲ ਵਿੱਚ ਭਾਰੀ ਭੀੜ ਅਤੇ ਤੇਜ਼ ਬਾਰਿਸ਼ ਦੌਰਾਨ ਅਚਾਨਕ ਭਾਜੜ ਮਚਣ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਦਕਿ ਲਗਭਗ 40 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਅਤੇ ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਸ਼ਨੀਵਾਰ ਸ਼ਾਮ ਲਗਭਗ 7:40 ਵਜੇ ਵਾਪਰਿਆ। ਦੁਰਗਾ ਪੂਜਾ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ ਦੌਰਾਨ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਤੋਂ ਬਚਣ ਲਈ ਲੋਕ ਪੰਡਾਲ ਦੇ ਨਿਕਾਸ ਦੁਆਰ (ਐਗਜ਼ਿਟ ਗੇਟ) ਵੱਲ ਵਧਣ ਲੱਗੇ। ਇਸ ਦੌਰਾਨ ਭਾਰੀ ਭੀੜ ਦੇ ਦਬਾਅ ਕਾਰਨ ਪੰਡਾਲ ਵਿੱਚ ਹਫੜਾ-ਦਫੜੀ ਮਚ ਗਈ, ਜਿਸ ਨਾਲ ਕਈ ਲੋਕ ਹੇਠਾਂ ਡਿੱਗ ਪਏ ਅਤੇ ਕੁਚਲੇ ਗਏ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਪੰਡਾਲ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਹੈ ਅਤੇ ਪੂਜਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਇਸ ਦਰਦਨਾਕ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਰਾਹਤ ਫੰਡ (PMNRF) ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ 'ਤੇ ਸ਼ੋਕ ਜਤਾਇਆ ਹੈ। ਗ੍ਰਹਿ ਮੰਤਰੀ ਨੇ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਕੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ ਜਾਣਨ ਦਾ ਫੈਸਲਾ ਕੀਤਾ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੈਂਦੂ ਅਧਿਕਾਰੀ ਅਤੇ ਮੁੱਖ ਸਕੱਤਰ ਮਨੋਜ ਅਗਰਵਾਲ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਇਲਾਜ ਦਾ ਜਾਇਜ਼ਾ ਲਿਆ। ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਦੂਜੇ ਪਾਸੇ, ਤ੍ਰਿਣਮੂਲ ਕਾਂਗਰਸ (TMC) ਨੇ ਪ੍ਰਸ਼ਾਸਨ ਅਤੇ ਪੁਲਸ 'ਤੇ ਸੁਰੱਖਿਆ ਪ੍ਰਬੰਧਾਂ ਅਤੇ ਭੀੜ ਨਿਯੰਤਰਣ ਵਿੱਚ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਜਵਾਬਦੇਹੀ ਦੀ ਮੰਗ ਕੀਤੀ ਹੈ।


author

Inder Prajapati

Content Editor

Related News