ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ

Sunday, Oct 11, 2026 - 02:47 PM (IST)

ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੌਰੇ ਦੌਰਾਨ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਪੂਨਾਮੱਲੀ ਤੋਂ ਵਡਾਪਲਾਨੀ ਵਿਚਕਾਰ 14.6 ਕਿਲੋਮੀਟਰ ਲੰਬੇ ਰੂਟ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਅਤੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੀ ਮੌਜੂਦਗੀ ਵਿੱਚ ਨਵੀਆਂ ਮੈਟਰੋ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ ਅਤੇ ਟ੍ਰੇਨ ਵਿੱਚ ਸਫ਼ਰ ਕੀਤਾ। ਮੈਟਰੋ ਵਿੱਚ ਸਫ਼ਰ ਦੌਰਾਨ ਪ੍ਰਧਾਨ ਮੰਤਰੀ ਨੇ ਟਿਕਟ ਕਾਊਂਟਰ ਤੋਂ ਖ਼ੁਦ ਟਿਕਟ ਖ਼ਰੀਦੀ ਅਤੇ ਕਰਮਚਾਰੀ ਨਾਲ ਗੱਲਬਾਤ ਵੀ ਕੀਤੀ।
ਲਗਭਗ ₹4,900 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਨਵੇਂ ਰੂਟ ਦੇ ਨਾਲ-ਨਾਲ ਪ੍ਰਧਾਨ ਮੰਤਰੀ ਰਾਜ ਲਈ ₹13,000 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਵੀ ਸੌਗਾਤ ਦੇਣਗੇ। ਇਹ ਨਵੀਆਂ ਸੇਵਾਵਾਂ ਮੈਟਰੋ ਦੇ ਦੂਜੇ ਪੜਾਅ ਦੇ ਕੌਰੀਡੋਰ 4 ਦੇ ਤਹਿਤ ਆਉਂਦੀਆਂ ਹਨ, ਜਿਸ ਵਿੱਚ 11 ਐਲੀਵੇਟਿਡ ਸਟੇਸ਼ਨ ਸ਼ਾਮਲ ਹਨ। ਇਸ ਰੂਟ ਵਿੱਚ 3.7 ਕਿਲੋਮੀਟਰ ਲੰਬਾ ਇੱਕ ਅਨੋਖਾ ਡਬਲ-ਡੇਕਰ ਸਟ੍ਰਕਚਰ ਬਣਾਇਆ ਗਿਆ ਹੈ ਅਤੇ ਡਰਾਈਵਰਲੇਸ ਆਪ੍ਰੇਸ਼ਨ ਲਈ ਉੱਨਤ ਸਿਗਨਲਿੰਗ ਪ੍ਰਣਾਲੀ ਲਗਾਈ ਗਈ ਹੈ। ਇਸ ਨਾਲ ਚੇਨਈ ਦੇ ਪੱਛਮੀ ਉਪ-ਨਗਰਾਂ ਅਤੇ ਸ਼ਹਿਰ ਦੇ ਕੇਂਦਰ ਵਿਚਕਾਰ ਸੰਪਰਕ ਬਿਹਤਰ ਹੋਵੇਗਾ ਅਤੇ ਯਾਤਰੀਆਂ ਦੇ ਸਫ਼ਰ ਦਾ ਸਮਾਂ ਘਟੇਗਾ।
ਇਸ ਮੈਟਰੋ ਰੂਟ 'ਤੇ ਆਮ ਯਾਤਰੀਆਂ ਲਈ ਨਿਯਮਤ ਸੇਵਾਵਾਂ ਐਤਵਾਰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਸ਼ੁਰੂ ਹੋ ਰਹੀਆਂ ਹਨ। 12 ਅਕਤੂਬਰ ਤੋਂ ਇਹ ਸੇਵਾਵਾਂ ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਉਪਲਬਧ ਰਹਿਣਗੀਆਂ। ਇਸ ਯੈਲੋ ਲਾਈਨ ਦੇ ਪ੍ਰਮੁੱਖ ਸਟੇਸ਼ਨਾਂ ਵਿੱਚ ਪੂਨਾਮੱਲੀ ਬਾਈਪਾਸ, ਪੂਨਾਮੱਲੀ ਬੱਸ ਸਟੈਂਡ, ਪੂਨਾਮੱਲੀ ਸਰਕਾਰੀ ਹਸਪਤਾਲ, ਕਰਾਯਨਚਾਵੜੀ, ਕੁਮਾਨਨਚਾਵੜੀ, ਕੱਟੂਪੱਕਮ, ਅਈਅੱਪਨਥਾਂਗਲ, ਥੇੱਲਿਆਰਗਰਮ, ਪੋਰੁਰ ਬਾਈਪਾਸ, ਪੋਰੁਰ ਜੰਕਸ਼ਨ ਅਤੇ ਵਡਾਪਲਾਨੀ ਸ਼ਾਮਲ ਹਨ।
ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਆਈ.ਆਈ.ਟੀ. ਮਦਰਾਸ ਸਥਿਤ ਬ੍ਰੇਨ ਸੈਂਟਰ ਦਾ ਵੀ ਦੌਰਾ ਕਰਨਗੇ। ਇਸ ਤੋਂ ਇਲਾਵਾ ਲਗਭਗ ₹3,700 ਕਰੋੜ ਦੇ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ। ਨਾਲ ਹੀ ਚੇਨਈ ਸਮੇਤ ਤਿੰਨ ਵੱਡੇ ਬੰਦਰਗਾਹਾਂ 'ਤੇ ਸੁਵਿਧਾਵਾਂ ਵਧਾਈਆਂ ਜਾਣਗੀਆਂ ਤਾਂ ਜੋ ਮਾਲ ਢੋਆ-ਢੁਆਈ ਨੂੰ ਆਸਾਨ ਬਣਾਇਆ ਜਾ ਸਕੇ।
 


author

Shubam Kumar

Content Editor

Related News