ਬੰਗਲਾਦੇਸ਼ ''ਚ ਤੋੜੀਆਂ ਗਈਆਂ ਦੁਰਗਾ ਪੂਜਾ ਲਈ ਬਣਾਈਆਂ 7 ਮੂਰਤੀਆਂ ! ਪੁਲਸ ਨੇ ਕਾਰਵਾਈ ਦਾ ਦਿਵਾਇਆ ਭਰੋਸਾ
Sunday, Oct 04, 2026 - 04:23 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੇ ਇਕ ਹਿੰਦੂ ਮੰਦਰ ਵਿਚ ਦੁਰਗਾ ਪੂਜਾ ਲਈ ਬਣਾਈਆਂ ਜਾ ਰਹੀਆਂ 7 ਮੂਰਤੀਆਂ ਨੂੰ ਅਣਪਛਾਤੇ ਅਨਸਰਾਂ ਨੇ ਤੋੜ ਦਿੱਤਾ ਹੈ। ਇਹ ਘਟਨਾ ਤੰਗਾਇਲ ਜ਼ਿਲੇ ਦੇ ਮਿਰਜ਼ਾਪੁਰ ਉਪ-ਜ਼ਿਲੇ ਦੇ ਜਮੁਰਕੀ ਪੱਛਮੀਪਾਰਾ ਸਥਿਤ ਇਕ ਮੰਦਰ ਵਿਚ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦੇ ਵਿਚਕਾਰ ਹੋਈ।
ਰਿਪੋਰਟਾਂ ਅਨੁਸਾਰ ਜਮੁਰਕੀ ਆਰੀਆ ਕਮੇਟੀ ਦੀ ਦੇਖ-ਰੇਖ ਹੇਠ ਇਸ ਮੰਦਰ ਵਿਚ ਲੱਗਭਗ 85 ਸਾਲਾਂ ਤੋਂ ਦੁਰਗਾ ਪੂਜਾ ਮਨਾਈ ਜਾ ਰਹੀ ਹੈ। ਘਟਨਾ ਦੇ ਸਮੇਂ ਦੁਰਗਾ ਦੀ ਮੁੱਖ ਮੂਰਤੀ ਸਮੇਤ ਸੱਤ ਮੂਰਤੀਆਂ ਲੱਗਭਗ ਬਣ ਕੇ ਤਿਆਰ ਹੋ ਚੁੱਕੀਆਂ ਸਨ। ਕਾਰੀਗਰਾਂ ਨੇ ਮੂਰਤੀ ਬਣਾਉਣ ਦਾ ਜ਼ਿਆਦਾਤਰ ਕੰਮ ਪੂਰਾ ਕਰ ਲਿਆ ਸੀ, ਬੱਸ ਰੰਗ ਦਾ ਕੰਮ ਬਾਕੀ ਸੀ।
ਜਮੁਰਕੀ ਆਰੀਆ ਕਮੇਟੀ ਦੇ ਪ੍ਰਧਾਨ ਪ੍ਰਕਾਸ਼ ਬਕਲੀ ਨੇ ਦੱਸਿਆ ਕਿ ਵੀਰਵਾਰ ਨੂੰ ਮੰਦਰ ਪਰਤਣ ’ਤੇ ਉਨ੍ਹਾਂ ਨੂੰ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਪਤਾ ਲੱਗਾ ਕਿ ਮੂਰਤੀਆਂ ਤੋੜ ਦਿੱਤੀਆਂ ਗਈਆਂ ਹਨ। ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲੇ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਐੱਸ.ਪੀ.) ਮੁਹੰਮਦ ਅਦਨਾਨ ਮੁਸਤਫ਼ਿਜ਼ ਨੇ ਕਿਹਾ ਕਿ ਕੁਝ ਮੂਰਤੀਆਂ ਨੁਕਸਾਨੀਆਂ ਗਈਆਂ ਸਨ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
