ਵੱਡਾ ਹਾਦਸਾ: ਕੋਲਕਾਤਾ 'ਚ ਦੁਰਗਾ ਪੂਜਾ ਦੌਰਾਨ ਡਿੱਗਾ ਪੰਡਾਲ, 17 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
Saturday, Oct 17, 2026 - 10:11 PM (IST)
ਕੋਲਕਾਤਾ : ਦੁਰਗਾ ਪੂਜਾ ਦੀਆਂ ਖ਼ੁਸ਼ੀਆਂ ਵਿਚਾਲੇ ਕੋਲਕਾਤਾ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਕੋਲਕਾਤਾ ਦੇ ਚੋਰਬਾਗਾਨ ਪੂਜਾ ਪੰਡਾਲ ਦਾ ਇਕ ਹਿੱਸਾ ਭੀੜ ਦੇ ਦਬਾਅ ਕਾਰਨ ਢਹਿ ਗਿਆ। ਸੂਤਰਾਂ ਅਨੁਸਾਰ, ਹਾਦਸੇ ਤੋਂ ਬਾਅਦ ਉੱਥੇ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਵਿਚ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖ਼ਦਸ਼ਾ ਹੈ ਕਿ ਜ਼ਖ਼ਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ, ਚੋਰਬਾਗਾਨ ਦੁਰਗਾ ਪੂਜਾ ਪੰਡਾਲ ਦੇ ਬਾਹਰ ਉਡੀਕ ਕਰ ਰਹੀ ਭੀੜ ਅੱਗੇ ਵੱਲ ਭੱਜੀ, ਜਿਸ ਨਾਲ ਕੁਝ ਲੋਕ ਸੜਕ ’ਤੇ ਡਿੱਗ ਗਏ ਅਤੇ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਅਤੇ ਆਫ਼ਤ ਪ੍ਰਬੰਧਨ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੂਜਾ ਆਯੋਜਕ ਵੀ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਰਾਹਤ ਕਾਰਜਾਂ ਵਿਚ ਜੁਟ ਗਏ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਅਤੇ ਮੁੱਖ ਸਕੱਤਰ ਮਨੋਜ ਅਗਰਵਾਲ ਜ਼ਖ਼ਮੀਆਂ ਦਾ ਹਾਲ ਪੁੱਛਣ ਲਈ ਕਲਕੱਤਾ ਮੈਡੀਕਲ ਕਾਲਜ ਪਹੁੰਚ ਚੁੱਕੇ ਹਨ।
ਹਾਦਸੇ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ ਨੇ ਟੋਲ-ਫ੍ਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਲੋਕ 18003455678 ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਇਸ ਘਟਨਾ ’ਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਘਟਨਾ ਦੀ ਖ਼ਬਰ ਤੋਂ ਬੇਹੱਦ ਹੈਰਾਨ ਅਤੇ ਦੁਖੀ ਹਨ। ਮਮਤਾ ਬੈਨਰਜੀ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਇਸ ਔਖੇ ਸਮੇਂ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਅਤੇ ਹੌਸਲਾ ਦੇਣ ਲਈ ਮਾਂ ਦੁਰਗਾ ਅੱਗੇ ਅਰਦਾਸ ਕੀਤੀ।
ਉੱਥੇ ਹੀ ਤ੍ਰਿਣਮੂਲ ਵਿਧਾਇਕ ਕੁਣਾਲ ਘੋਸ਼ ਨੇ ਇਸ ਨੂੰ ਬੇਹੱਦ ਮੰਦਭਾਗੀ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਕਾਲਜ ਲੈ ਕੇ ਜਾਣ ਦੀ ਪੂਰੀ ਪ੍ਰਕਿਰਿਆ ਚੱਲ ਰਹੀ ਹੈ। ਕੁਣਾਲ ਘੋਸ਼ ਨੇ ਕਿਹਾ ਕਿ ਹਾਦਸਾ ਕਿਵੇਂ ਅਤੇ ਕਿਉਂ ਵਾਪਰਿਆ, ਇਸ ਦੀ ਜਾਣਕਾਰੀ ਬਾਅਦ ਵਿਚ ਸਾਹਮਣੇ ਆਵੇਗੀ ਪਰ ਫਿਲਹਾਲ ਤਰਜੀਹ ਲੋਕਾਂ ਨੂੰ ਬਚਾਉਣਾ ਅਤੇ ਗੰਭੀਰ ਜ਼ਖ਼ਮੀ ਲੋਕਾਂ ਦਾ ਇਲਾਜ ਕਰਵਾਉਣਾ ਹੈ।
ਚਸ਼ਮਦੀਦ ਬੋਲਿਆ- ਬਾਹਰ ਨਿਕਲਣ ਦਾ ਰਸਤਾ ਵੀ ਭੀੜਾ ਸੀ
ਇਕ ਚਸ਼ਮਦੀਦ ਨੇ ਦੱਸਿਆ ਕਿ ਪੰਡਾਲ ਤੋਂ ਬਾਹਰ ਨਿਕਲਣ ਦਾ ਰਸਤਾ ਭੀੜਾ ਸੀ। ਉਸਨੇ ਦੱਸਿਆ ਕਿ ਭਾਜੜ ਦੌਰਾਨ ਕਈ ਲੋਕ ਬੇਹੋਸ਼ ਹੋ ਗਏ ਸਨ। ਉਸ ਮੁਤਾਬਕ ਕੁਝ ਲੋਕਾਂ ਨੂੰ ਮੋਟਰਸਾਈਕਲਾਂ ’ਤੇ ਬਿਠਾ ਕੇ ਉੱਥੋਂ ਲੈ ਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕਾਫ਼ੀ ਭੀੜ ਵੀ ਮੌਜੂਦ ਸੀ।
