‘ਆਜ਼ਾਦ’ ਲਈ ਮੋਦੀ ਦੇ ਅੱਥਰੂਆਂ ’ਚ ਸੱਚਮੁੱਚ ਹੀ ਭਾਵੁਕਤਾ ਸੀ ਜਾਂ ਸਿਆਸਤ
Saturday, Feb 13, 2021 - 10:19 AM (IST)
ਨਵੀਂ ਦਿੱਲੀ- ਉਹ ਸੱਚਮੁੱਚ ਭਾਵੁਕਤਾ ਨਾਲ ਭਰਪੂਰ ਇਕ ਪ੍ਰਦਰਸ਼ਨ ਸੀ ਜਾਂ ਬਹੁਤ ਡੂੰਘੀ ਸਿਆਸਤ ਸੀ, ਇਹ ਗੱਲ ਕੋਈ ਵੀ ਪੂਰੇ ਭਰੋਸੇ ਨਾਲ ਨਹੀਂ ਕਹਿ ਸਕਦਾ। ਪਿਛਲੇ ਮੰਗਲਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਕਿਹਾ ਕਿ ਮੈਂ ਤੁਹਾਨੂੰ ਰਿਟਾਇਰ ਨਹੀਂ ਹੋਣ ਦਿਆਂਗਾ, ਤੁਹਾਡੇ ਕੋਲੋਂ ਸਲਾਹ ਲੈਂਦਾ ਰਹਾਂਗਾ, ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ।
41 ਸਾਲ ਦੀ ਲੰਬੀ ਸਿਆਸੀ ਜ਼ਿੰਦਗੀ ਨੂੰ ਆਜ਼ਾਦ ਅਲਵਿਦਾ ਕਹਿ ਰਹੇ ਹਨ। ਇਹ ਤਾਂ ਸਭ ਨੇ ਦੇਖਿਆ ਕਿ ਗਾਂਧੀ ਪਰਿਵਾਰ ਕੁਝ ਸਮੇਂ ਤੋਂ ਉਨ੍ਹਾਂ ਨਾਲ ਨਾਰਾਜ਼ ਹੈ, ਇਸੇ ਲਈ ਉਨ੍ਹਾਂ ਨੂੰ ਰਾਜ ਸਭਾ ਲਈ ਮੁੜ ਤੋਂ ਨਾਮਜ਼ਦ ਨਹੀਂ ਕੀਤਾ ਗਿਆ। ਇਸ ਪਿਛੋਕੜ ’ਚ ਆਜ਼ਾਦ ਨੂੰ ਮੋਦੀ ਨੇ ਜਿਹੜਾ ਖੁੱਲ੍ਹਾ ਸੱਦਾ ਦਿੱਤਾ, ਉਹੋ ਜਿਹਾ ਪਹਿਲਾਂ ਕਦੇ ਵੀ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਨੂੰ ਨਹੀਂ ਦਿੱਤਾ ਗਿਆ। ਖੁਦ ਆਜ਼ਾਦ ਨੇ ਵੀ ਮੋਦੀ ਕੋਲੋਂ ਆਪਣੀ ਕੈਮਿਸਟਰੀ ਕਿਸੇ ਤਰ੍ਹਾਂ ਨਾਲ ਵੀ ਨਹੀਂ ਲੁਕੋਈ। ਆਜ਼ਾਦ ਨੇ ਦੱਸਿਆ ਕਿ ਤਿਉਹਾਰਾਂ ਅਤੇ ਮੇਰੇ ਜਨਮ ਦਿਨ ’ਤੇ ਜੋ ਵਿਅਕਤੀ ਮੈਨੂੰ ਸ਼ੁਭਕਾਮਨਾਵਾਂ ਦੇਣ ਤੋਂ ਕਦੇ ਨਹੀਂ ਭੁੱਲੇ, ਉਨ੍ਹਾਂ ਵਿਚੋਂ ਇਕ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹਨ ਅਤੇ ਦੂਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਰਾਜ ਸਭਾ ਵਿਚ ਆਜ਼ਾਦ ਦੀ ਸ਼ਲਾਘਾ ਮੋਦੀ ਨੇ ਇਕ ਹਫਤੇ ਵਿਚ ਦੂਜੀ ਵਾਰ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਆਜ਼ਾਦ ਜੀ ਹਮੇਸ਼ਾ ਸ਼ਾਲੀਨਤਾ ਨਾਲ ਗੱਲ ਕਰਦੇ ਹਨ। ਉਨ੍ਹਾਂ ਨੇ ਕਦੇ ਵੀ ਬੇਲੋੜੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ। ਆਜ਼ਾਦ ਨੇ ਜੰਮੂ-ਕਸ਼ਮੀਰ ਵਿਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਕਰਵਾਏ ਜਾਣ ਦੀ ਵੀ ਸ਼ਲਾਘਾ ਕੀਤੀ ਸੀ। ਮੈਨੂੰ ਭਰੋਸਾ ਹੈ ਕਿ ਕਾਂਗਰਸ ਪਾਰਟੀ ਇਸ ਨੂੰ ਸਹੀ ਭਾਵਨਾ ਨਾਲ ਲਏਗੀ ਤੇ ਇਸ ਨੂੰ ਜੀ-23 ਦਾ ਨਜ਼ਰੀਆ ਮੰਨ ਕੇ ਇਸ ਦੇ ਉਲਟ ਕੰਮ ਨਹੀਂ ਕਰੇਗੀ।
ਮਾਮਲਾ ਗੜਬੜ ਹੈ। ਖੁਦ ਆਜ਼ਾਦ ਨੇ ਰਾਜ ਸਭਾ ਵਿਚ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਲਈ ਵਧਾਈ ਦਿੱਤੀ ਸੀ ਕਿ ਉਨ੍ਹਾਂ ਜੰਮੂ-ਕਸ਼ਮੀਰ ਵਿਚ ਡੀ. ਸੀ. ਸੀ. ਤੇ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਨਿਰਪੱਖ ਢੰਗ ਨਾਲ ਮੁਕੰਮਲ ਕਰਵਾਈਆਂ ਹਨ। ਆਜ਼ਾਦ ਵਲੋਂ ਮੋਦੀ ਨੂੰ ਦਿੱਤੀ ਗਈ ਇਹ ਵਧਾਈ ਗਾਂਧੀ ਪਰਿਵਾਰ ਨੂੰ ਪਸੰਦ ਨਹੀਂ ਆਈ। ਆਜ਼ਾਦ ਨੇ ਮੋਦੀ ਦੇ ਖੁੱਲੇ ਸੱਦੇ ਸਬੰਧੀ ਤਾਂ ਕੁਝ ਨਹੀਂ ਕਿਹਾ ਪਰ ਸੰਸਦ ਦੇ ਬਾਹਰ ਆ ਕੇ ਉਨ੍ਹਾਂ ਕਿਹਾ ਕਿ ਉਹ ਹੁਣ ਸੰਸਦ ਮੈਂਬਰ ਨਹੀਂ ਰਹਿਣਗੇ। ਉਹ ਕਾਂਗਰਸ ਸੰਗਠਨ ਵਿਚ ਕੋਈ ਅਹੁਦਾ ਨਹੀਂ ਲੈਣਗੇ। ਜੀ-23 ਨੇਤਾਵਾਂ ਨਾਲ ਮਿਲ ਕੇ ਪਾਰਟੀ ਅੰਦਰ ਗਾਂਧੀ ਪਰਿਵਾਰ ਵਿਰੁੱਧ ਲੜਨਗੇ।