ਲਾਲ ਕਿਲ੍ਹਾ ਸਮਾਰੋਹ : PM ਮੋਦੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ’ਤੇ ਸਿੱਕਾ ਤੇ ਡਾਕ ਟਿਕਟ ਜਾਰੀ

Thursday, Apr 21, 2022 - 10:46 PM (IST)

ਲਾਲ ਕਿਲ੍ਹਾ ਸਮਾਰੋਹ : PM ਮੋਦੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ’ਤੇ ਸਿੱਕਾ ਤੇ ਡਾਕ ਟਿਕਟ ਜਾਰੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ’ਚ ਆਯੋਜਿਤ ਇਕ ਸਮਾਰੋਹ ਦੌਰਾਨ ਇਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਬਦ ਕੀਰਤਨ ਸੁਣ ਕੇ ਮਨ ਨੂੰ ਜੋ ਸ਼ਾਂਤੀ ਮਿਲੀ, ਉਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਪਵਿੱਤਰ ਮੌਕੇ ’ਤੇ ਸਾਰੇ ਦਸ ਗੁਰੂਆਂ ਦੇ ਚਰਨਾਂ ’ਚ ਨਮਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਪੂਰੀ ਨਿਸ਼ਠਾ ਨਾਲ ਗੁਰੂਆਂ ਦੇ ਆਦਰਸ਼ਾਂ ’ਤੇ ਅੱਗੇ ਵਧ ਰਿਹਾ ਹੈ। ਸਾਰੇ ਦੇਸ਼ਵਾਸੀਆਂ ਅਤੇ ਪੂਰੀ ਦੁਨੀਆ ’ਚ ਗੁਰਬਾਣੀ ’ਚ ਆਸਥਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਾ ਹਾਂ। ਮੋਦੀ ਨੇ ਕਿਹਾ ਕਿ ਭਾਰਤ ਸਿਰਫ ਦੇਸ਼ ਹੀ ਨਹੀਂ ਸਗੋਂ ਸਾਡੀ ਮਹਾਨ ਵਿਰਾਸਤ ਤੇ ਪ੍ਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀਆਂ, ਮੁਨੀਆਂ, ਗੁਰੂਆਂ ਨੇ ਸੈਂਕੜੇ-ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਸਿੰਜਿਆ ਹੈ। ਲਾਲ ਕਿਲ੍ਹਾ ਕਿੰਨੇ ਹੀ ਅਹਿਮ ਲਾਲ ਖੰਡਾਂ ਦਾ ਗਵਾਹ ਰਿਹਾ ਹੈ। ਇਸ ਕਿਲ੍ਹੇ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਵੀ ਦੇਖਿਆ ਹੈ ਤੇ ਦੇਸ਼ ਲਈ ਮਰ ਮਿਟਣ ਵਾਲੇ ਲੋਕਾਂ ਦੇ ਹੌਸਲੇ ਨੂੰ ਪਰਖਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਵੱਡੀ ਕਾਰਵਾਈ, ਖੇੜਾ ਕਲਮੋਟ ਖੇਤਰ ਦੇ ਸਾਰੇ ਕਰੱਸ਼ਰ ਕੀਤੇ ਸੀਲ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਭਾਰਤ ਨੂੰ ਆਪਣੀ ਪਛਾਣ ਬਚਾਉਣ ਲਈ ਇਕ ਵੱਡੀ ਉਮੀਦ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਦਿਖੀ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਬਣ ਕੇ ਔਰੰਗਜ਼ੇਬ ਦੇ ਜਬਰ-ਜ਼ੁਲਮ ਦੇ ਸਾਹਮਣੇ ਇਕ ਚੱਟਾਨ ਬਣ ਕੇ ਖੜ੍ਹੇ ਹੋ ਗਏ ਸਨ। ਉਸ ਸਮੇਂ ਦੇਸ਼ ਵਿਚ ਮਜ਼ਹਬੀ ਕੱਟੜਤਾ ਭਾਰੂ ਸੀ। ਭਾਰਤ ਵਿਚ ਅਜਿਹੇ ਲੋਕ ਸਨ, ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਹਿੰਸਾ ਤੇ ਅੱਤਿਆਚਾਰ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੇ ਭਾਰਤ ਦੀਆਂ ਅਨੇਕਾਂ ਪੀੜ੍ਹੀਆਂ ਨੂੰ ਸੰਸਕ੍ਰਿਤੀ ਦੀ ਮਰਿਆਦਾ ਦੀ ਰੱਖਿਆ, ਉਸ ਦੇ ਮਾਣ ਸਨਮਾਨ ਲਈ ਜਿਊਣ ਅਤੇ ਮਰ-ਮਿਟਣ ਦੀ ਪ੍ਰੇਰਨਾ ਦਿੱਤੀ ਹੈ। ਵੱਡੇ ਵੱਡੇ ਤੂਫ਼ਾਨ ਅਾਏ ਪਰ ਭਾਰਤ ਅੱਜ ਵੀ ਅਮਰ ਖੜ੍ਹਾ ਹੈ ਤੇ ਅੱਗੇ ਵਧ ਰਿਹਾ ਹੈ। ਇਸ ਸਮਾਰੋਹ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਰਾਗੀ ਅਤੇ ਬੱਚੇ ਵੀ ਸ਼ਾਮਲ ਹੋਏ। ਇਸ ਦੌਰਾਨ ਗੁਰੂ ਜੀ ਦੇ ਜੀਵਨ ’ਤੇ ਆਧਾਰਿਤ ਇਕ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਖਾਂ ਦੇ ਰਵਾਇਤੀ ਮਾਰਸ਼ਲ ਆਰਟ ‘ਗੱਤਕਾ’ ਦਾ ਵੀ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੀਤਾ ਜਾ ਰਿਹਾ ਹੈ। PMO ਮੁਤਾਬਕ ਇਸ ਆਯੋਜਨ ਦਾ ਮਕਸਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਰੇਖਾਂਕ੍ਰਿਤ ਕਰਨਾ ਹੈ, ਤਾਂ ਕਿ ਨੌਜਵਾਨ ਪੀੜ੍ਹੀ ਸਿੱਖੀ ਬਾਰੇ ਜਾਗਰੂਕ ਹੋ ਸਕੇ।
 


author

Manoj

Content Editor

Related News