PM ਦੀ ਡਿਗਰੀ ਦਾ ਮਾਮਲਾ: ਅਦਾਲਤ ਵਲੋਂ ਕੇਜਰੀਵਾਲ ਤੇ ਸੰਜੇ ਸਿੰਘ ਨੂੰ ਸੰਮਨ ਜਾਰੀ
Sunday, Apr 16, 2023 - 03:18 PM (IST)
ਅਹਿਮਦਾਬਾਦ- ਅਹਿਮਦਾਬਾਦ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਕਾਦਮਿਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਵਿਰੁੱਧ ਵਿਅੰਗਾਤਮਕ ਅਤੇ ਅਪਮਾਨਜਨਕ ਬਿਆਨ ਦੇਣ 'ਤੇ ਦਾਇਰ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੰਮਨ ਜਾਰੀ ਕੀਤਾ ਹੈ।
ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਜਯੇਸ਼ਭਾਈ ਚੋਵਟੀਆ ਦੀ ਅਦਾਲਤ ਨੇ ਸ਼ਨੀਵਾਰ ਨੂੰ 'ਆਪ' ਦੇ ਦੋਵਾਂ ਆਗੂਆਂ ਨੂੰ 23 ਮਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਉਨ੍ਹਾਂ ਖ਼ਿਲਾਫ਼ ਗੁਜਰਾਤ ਯੂਨੀਵਰਸਿਟੀ ਦੇ ਰਜਿਸਟਰਾਰ ਪਿਊਸ਼ ਪਟੇਲ ਦੀ ਸ਼ਿਕਾਇਤ 'ਤੇ IPC ਦੀ ਧਾਰਾ 500 (ਮਾਣਹਾਨੀ) ਤਹਿਤ ਇਕ ਮਾਮਲਾ ਬਣਦਾ ਹੈ।ਅਦਾਲਤ ਨੇ ਮਾਮਲੇ ਦੇ ਸਿਰਲੇਖ ਵਿਚ ਕੇਜਰੀਵਾਲ ਦੇ ਨਾਂ ਤੋਂ 'ਮੁੱਖ ਮੰਤਰੀ' ਹਟਾਉਣ ਦਾ ਵੀ ਹੁਕਮ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਨਿਜੀ ਹੈਸੀਅਤ ਤੋਂ ਇਹ ਬਿਆਨ ਦਿੱਤੇ।
ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਮੋਦੀ ਦੀ ਡਿਗਰੀ ਨੂੰ ਲੈ ਕੇ ਯੂਨੀਵਰਸਿਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੱਤਰਕਾਰ ਸੰਮੇਲਨਾਂ ਵਿਚ ਅਤੇ ਟਵਿੱਟਰ 'ਤੇ ਅਪਮਾਨਜਨਕ ਬਿਆਨ ਦਿੱਤੇ। ਸ਼ਿਕਾਇਤਕਰਤਾ ਦੇ ਵਕੀਲ ਅਮਿਤ ਨਾਇਰ ਨੇ ਕਿਹਾ ਕਿ ਗੁਜਰਾਤ ਯੂਨੀਵਰਸਿਟੀ ਦੀ ਸਥਾਪਨਾ 70 ਸਾਲ ਪਹਿਲਾਂ ਹੋਈ ਸੀ। ਨਾਇਰ ਨੇ ਕਿਹਾ ਕਿ ਇਸ ਦੀ ਲੋਕਾਂ ਵਿਚ ਸਾਖ ਹੈ ਅਤੇ ਦੋਸ਼ੀਆਂ ਦੀ ਬਿਆਨਬਾਜ਼ੀ ਨਾਲ ਯੂਨੀਵਰਸਿਟੀ ਪ੍ਰਤੀ ਅਵਿਸ਼ਵਾਸ ਪੈਦਾ ਹੋਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਹ ਬਿਆਨ ਯੂਨੀਵਰਸਿਟੀ ਦੀ ਬਦਨਾਮੀ ਕਰਨ ਵਾਲੇ ਸਨ ਕਿਉਂਕਿ ਉਹ ਵਿਅੰਗਮਈ ਸਨ ਅਤੇ ਉਨ੍ਹਾਂ ਦਾ ਉਦੇਸ਼ ਜਾਣ ਬੁੱਝ ਕੇ ਯੂਨੀਵਰਸਿਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਸੀ। ਇਨ੍ਹਾਂ ਨੂੰ ਮੀਡੀਆ ਅਤੇ ਟਵਿੱਟਰ ਹੈਂਡਲ 'ਤੇ ਵੀ ਇਸੇ ਇਰਾਦੇ ਨਾਲ ਸਾਂਝਾ ਕੀਤਾ ਗਿਆ ਸੀ।