ਡਾਕਟਰਾਂ ਦਾ ਕਮਾਲ, ਜੋੜ ਦਿੱਤੀਆਂ ਕੱਟੀਆਂ ਹੋਈਆਂ 3 ਉਂਗਲਾਂ

Saturday, Jan 28, 2023 - 11:08 AM (IST)

ਡਾਕਟਰਾਂ ਦਾ ਕਮਾਲ, ਜੋੜ ਦਿੱਤੀਆਂ ਕੱਟੀਆਂ ਹੋਈਆਂ 3 ਉਂਗਲਾਂ

ਨਵੀਂ ਦਿੱਲੀ– ਉੱਤਰਾਖੰਡ ਦੇ ਇਕ 44 ਸਾਲਾ ਵਿਅਕਤੀ ਦੇ ਖੱਬੇ ਹੱਥ ਦੀਆਂ 3 ਉਂਗਲਾਂ ਅਤੇ ਇਕ ਅੰਗੂਠਾ ਕੱਟਿਆ ਗਿਆ। ਇਹ ਹਾਦਸਾ ਫੈਕਟਰੀ ’ਚ ਕੰਮ ਕਰਦੇ ਸਮੇਂ ਵਾਪਰਿਆ। ਸਥਾਨਕ ਹਸਪਤਾਲਾਂ ਨੇ ਮਰੀਜ਼ ਨੂੰ ਦਿੱਲੀ ਜਾਣ ਦੀ ਸਲਾਹ ਦਿੱਤੀ। ਇਸ ਘਟਨਾ ਨੂੰ ਪੂਰੇ 8 ਘੰਟੇ ਬੀਤ ਚੁੱਕੇ ਸਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਦੇ ਹਸਪਤਾਲ ’ਚ ਜਾਂਦੇ ਸਮੇਂ ਮਰੀਜ਼ ਨੇ ਕੱਟੀਆਂ ਹੋਈਆਂ ਉਂਗਲਾਂ ਨੂੰ ਪਾਲੀਥੀਨ ’ਚ ਰੱਖਿਆ। ਇਨ੍ਹਾਂ ਕੱਟੀਆਂ ਹੋਈਆਂ ਉਂਗਲਾਂ ’ਚ ਕੋਈ ਅੰਗੂਠਾ ਨਹੀਂ ਸੀ। ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਡਾ. ਮਹੇਸ਼ ਮੰਗਲ ਦੀ ਅਗਵਾਈ ’ਚ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਤੋਂ ਡਾ. ਐੱਸ. ਐੱਸ. ਗੰਭੀਰ, ਡਾ. ਨਿਖਿਲ ਝੁਨਝੁਨਵਾਲਾ ਅਤੇ ਡਾ. ਪੂਜਾ ਗੁਪਤਾ ਅਤੇ ਹੱਡੀਆਂ ਰੋਗ ਵਿਭਾਗ ਦੇ ਡਾ. ਮਨੀਸ਼ ਧਵਨ ਸ਼ਾਮਲ ਸਨ।

ਇਕ ਘੰਟੇ ਦੀ ਮਾਈਕ੍ਰੋ ਸਰਜਰੀ ਤੋਂ ਬਾਅਦ, ਮਾਈਕ੍ਰੋਸਕੋਪਿਕ ਤੌਰ ’ਤੇ ਵਧੀਆ ਸਰਜਰੀ ਰਾਹੀਂ ਕੱਟੀਆਂ ਤਿੰਨੋਂ ਉਂਗਲਾਂ ਨੂੰ ਦੁਬਾਰਾ ਜੋੜਿਆ ਗਿਆ। ਮਰੀਜ਼ ਵੱਲੋਂ ਅੰਗੂਠਾ ਨਹੀਂ ਲਿਆਂਦਾ ਗਿਆ ਸੀ, ਡਾਕਟਰਾਂ ਨੇ ਮਰੀਜ਼ ਦੇ ਸੱਜੇ ਪੈਰ ਦੇ ਦੂਜੇ ਅੰਗੂਠੇ ਨੂੰ ਕੱਟ ਕੇ ਅਤੇ ਉਸ ਦੇ ਖੱਬੇ ਹੱਥ ਦੇ ਅੰਗੂਠੇ ਨਾਲ ਬਦਲ ਕੇ ਦੂਜੀ ਸਰਜਰੀ ਕਰਨ ਦਾ ਫੈਸਲਾ ਕੀਤਾ। ਇਹ ਆਪ੍ਰੇਸ਼ਨ ਕਾਫੀ ਗੁੰਝਲਦਾਰ ਅਤੇ ਲੰਬਾ ਸੀ।


author

Rakesh

Content Editor

Related News