ਆਦਿਵਾਸੀ ਕੁੜੀ ਦੇ ਸੁਪਨਿਆਂ ਨੂੰ ਮਿਲੀ ''ਉਡਾਣ'', ਬਣੀ ਪਾਇਲਟ
Monday, Sep 09, 2019 - 11:21 AM (IST)

ਮਲਕਾਨਗਿਰੀ/ਭੁਵਨੇਸ਼ਵਰ— ਓਡੀਸ਼ਾ ਦੇ ਮਾਓਵਾਦ ਪ੍ਰਭਾਵਿਤ ਮਲਕਾਨਗਿਰੀ ਜ਼ਿਲੇ ਦੀ ਇਕ ਆਦਿਵਾਸੀ ਕੁੜੀ ਨੇ ਕਈ ਸਾਲ ਪਹਿਲਾਂ ਆਸਮਾਨ 'ਚ ਉਡਣ ਦਾ ਸੁਪਨਾ ਦੇਖਿਆ। ਉਸ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ ਆਖਰਕਾਰ ਆਪਣੇ ਸੁਪਨਿਆਂ ਨੂੰ ਖੰਭ ਲਾ ਕੇ ਸਾਹ ਲਿਆ। ਇਹ ਪ੍ਰੇਰਣਾਦਾਇਕ ਕਹਾਣੀ ਹੈ 23 ਸਾਲ ਦੀ ਅਨੁਪ੍ਰਿਆ ਲਾਕੜਾ ਦੀ। ਪਾਇਲਟ ਬਣਨ ਲਈ ਅਨੁਪ੍ਰਿਆ ਨੇ 7 ਸਾਲ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ 2012 'ਚ ਉਸ ਨੇ ਇੱਥੇ ਹਵਾਬਾਜ਼ੀ ਅਕੈਡਮੀ 'ਚ ਦਾਖਲਾ ਲਿਆ। ਆਪਣੀ ਕਾਬਲੀਅਤ ਅਤੇ ਮਿਹਨਤ ਦੇ ਜ਼ੋਰ 'ਤੇ ਛੇਤੀ ਹੀ ਉਹ ਇਕ ਨਿੱਜੀ ਹਵਾਬਾਜ਼ੀ ਕੰਪਨੀ 'ਚ ਕੋ-ਪਾਇਲਟ ਦੇ ਤੌਰ 'ਤੇ ਸੇਵਾਵਾਂ ਦੇਣ ਵਾਲੀ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਨੁਪ੍ਰਿਆ ਨੂੰ ਵਧਾਈ ਦਿੱਤੀ। ਪਟਨਾਇਕ ਨੇ ਟਵੀਟ ਕੀਤਾ ਕਿ ਮੈਂ ਅਨੁਪ੍ਰਿਆ ਲਾਕੜਾ ਦੀ ਸਫਲਤਾ ਬਾਰੇ ਜਾਣ ਕੇ ਖੁਸ਼ ਹਾਂ। ਉਸ ਵਲੋਂ ਕੀਤੀਆਂ ਕੋਸ਼ਿਸ਼ਾਂ ਅਤੇ ਦ੍ਰਿੜਤਾ ਨਾਲ ਹਾਸਲ ਕੀਤੀ ਗਈ ਸਫਲਤਾ ਕਈਆਂ ਲਈ ਉਦਾਹਰਣ ਹੈ। ਇਕ ਕਾਬਿਲ ਪਾਇਲਟ ਦੇ ਰੂਪ ਵਿਚ ਅਨੁਪ੍ਰਿਆ ਨੂੰ ਸਫਲਤਾ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ।
ਇੱਥੇ ਦੱਸ ਦੇਈਏ ਕਿ ਅਨੁਪ੍ਰਿਆ ਦੇ ਪਿਤਾ ਮਾਰੀਨਿਆਸ ਲਾਕੜਾ ਓਡੀਸ਼ਾ ਪੁਲਸ 'ਚ ਹੌਲਦਾਰ ਹਨ ਅਤੇ ਮਾਂ ਜਾਮਜ ਯਾਸਮਿਨ ਲਾਕੜਾ ਹਾਊਸ ਵਾਈਫ ਹੈ। ਅਨੁਪ੍ਰਿਆ ਨੇ 10ਵੀਂ ਦੀ ਪੜ੍ਹਾਈ ਕਾਨਵੈਂਟ ਸਕੂਲ ਅਤੇ 12ਵੀਂ ਸੇਮਿਲੀਦੁਗਾ ਦੇ ਇਕ ਸਕੂਲ ਤੋਂ ਕੀਤੀ। ਉਸ ਦੇ ਪਿਤਾ ਨੇ ਦੱਸਿਆ ਕਿ ਪਾਇਲਟ ਬਣਨ ਦੀ ਇੱਛਾ 'ਚ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ ਪਾਇਲਟ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਭੁਵਨੇਸ਼ਵਰ ਤੋਂ ਕੀਤੀ। ਉਨ੍ਹਾਂ ਦੱਸਿਆ ਕਿ 2012 'ਚ ਅਨੁਪ੍ਰਿਆ ਨੇ ਭੁਵਨੇਸ਼ਵਰ 'ਚ ਪਾਇਲਟ ਟ੍ਰੇਨਿੰਗ ਇੰਸਟੀਚਿਊਟ 'ਚ ਦਾਖਲਾ ਲਿਆ। ਪਾਇਲਟ ਬਣਨ ਦਾ ਉਸ ਦਾ ਸੁਪਨਾ ਹਕੀਕਤ 'ਚ ਬਦਲਣ ਤੋਂ ਅਸੀਂ ਖੁਸ਼ ਹਾਂ। ਸਾਨੂੰ ਉਸ 'ਤੇ ਮਾਣ ਹੈ ਕਿ ਮਲਕਾਨਗਿਰੀ ਵਰਗੇ ਪੱਛੜੇ ਜ਼ਿਲੇ ਨਾਲ ਸੰਬੰਧ ਰੱਖਣ ਵਾਲੇ ਕਿਸੇ ਵਿਅਕਤੀ ਲਈ ਇਹ ਇਕ ਵੱਡੀ ਉਪਲੱਬਧੀ ਹੈ। ਉੱਥੇ ਹੀ ਅਨੁਪ੍ਰਿਆ ਦੀ ਮਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਇਹ ਮਲਕਾਨਗਿਰੀ ਦੇ ਲੋਕਾਂ ਲਈ ਮਾਣ ਦੀ ਗੱਲ ਹੈ। ਮੇਰੀ ਧੀ ਦੀ ਸਫਲਤਾ ਦੂਜੀਆਂ ਕੁੜੀਆਂ ਨੂੰ ਪ੍ਰੇਰਣਾ ਦੇਵੇਗੀ।