ਉੱਤਰਾਖੰਡ ਤੀਰਥ ਯਾਤਰੀਆਂ ਲਈ ਖੁਸ਼ਖ਼ਬਰੀ, 4 ਮਈ ਤੋਂ ਜਾ ਸਕਣਗੇ ਕੇਦਾਰਨਾਥ ਮੰਦਰ
Saturday, May 02, 2020 - 05:42 PM (IST)
ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਸੂਬੇ ਦੇ ਤੀਰਥ ਯਾਤਰੀ 4 ਮਈ ਤੋਂ ਕੇਦਾਰਨਾਥ ਅਤੇ ਹੋਰ ਮੰਦਰਾਂ 'ਚ ਜਾ ਸਕਦੇ ਹਨ। ਰਾਵਤ ਨੇ ਕਿਹਾ ਕਿ 4 ਮਈ ਤੋਂ ਲੋਕਾਂ ਨੂੰ ਕੁਝ ਪਾਬੰਦੀਆਂ ਨਾਲ ਅੰਤਰ ਜ਼ਿਲਾ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਖਾਸ ਤੌਰ 'ਤੇ ਉਨ੍ਹਾਂ ਜ਼ਿਲਿਆਂ ਵਿਚ ਜੋ ਗ੍ਰੀਨ ਜ਼ੋਨ ਵਿਚ ਹਨ। ਸੂਬੇ ਦੇ ਤੀਰਥ ਯਾਤਰੀ ਕੇਦਾਰਨਾਥ ਜਾ ਸਕਦੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਮੰਦਰ 'ਚ ਪੂਜਾ ਦੌਰਾਨ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਯਮ ਦਾ ਪਾਲਣ ਕਰਨ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਦੱਸ ਦੇਈਏ ਕਿ ਕੇਦਾਰਨਾਥ ਦੇ ਕਿਵਾੜ ਲਾਕਡਾਊਨ ਦੇ ਸਮੇਂ ਦੌਰਾਨ ਤੀਰਥ ਯਾਤਰੀਆਂ ਦੀ ਗੈਰ-ਹਾਜ਼ਰੀ ਵਿਚ 29 ਅਪ੍ਰੈਲ ਨੂੰ ਖੁੱਲ੍ਹੇ ਸਨ। ਇਹ ਪੁੱਛੇ ਜਾਣ 'ਤੇ ਕਿ ਉੱਤਰਾਖੰਡ ਤੋਂ ਬਾਹਰ ਦੇ ਸ਼ਰਧਾਲੂਆਂ ਨੂੰ ਇਨ੍ਹਾਂ ਮੰਦਰਾਂ ਵਿਚ ਦਰਸ਼ਨ ਕਰਨ ਦੀ ਕਦੋਂ ਛੋਟ ਮਿਲੇਗੀ, ਰਾਵਤ ਨੇ ਕਿਹਾ ਕਿ ਕੋਰੋਨਾ ਨਾਲ ਪੈਦਾ ਹੋਏ ਹਾਲਾਤ ਵੱਡੀ ਰੁਕਾਵਟ ਬਣੀ ਹੋਈ ਹੈ ਅਤੇ ਸਰਕਾਰ ਚੀਜ਼ਾਂ ਦੇ ਆਮ ਹੋਣ ਦੀ ਉਡੀਕ ਕਰ ਰਹੀ ਹੈ।
ਰਾਵਤ ਨੇ ਕਿਹਾ ਕਿ 2013 ਵਿਚ ਕੇਦਾਰਨਾਥ ਤ੍ਰਾਸਦੀ ਤੋਂ ਬਾਅਦ ਉਸ ਤਰ੍ਹਾਂ ਦੀ ਨਿਰਾਸ਼ਾ ਨੇ ਲੋਕਾਂ ਨੂੰ ਜਕੜ ਲਿਆ ਪਰ ਅਸੀਂ ਇਸ ਤੋਂ ਉੱਭਰੇ ਅਤੇ ਯਾਤਰਾ ਵਾਪਸ ਪਟੜੀ 'ਤੇ ਪਰਤੀ। ਮੈਨੂੰ ਵਿਸ਼ਵਾਸ ਹੈ ਕਿ ਕੋਰੋਨਾ ਵਾਇਰਸ ਅੰਤ ਵਿਚ ਹਾਰ ਜਾਵੇਗਾ ਅਤੇ ਮੰਦਰਾਂ 'ਚ ਆਮ ਵਾਂਗ ਪੂਜਾ ਹੋਵੇਗੀ। ਗੜ੍ਹਵਾਲ ਖੇਤਰ ਦੇ ਉਹ ਤਿੰਨ ਜ਼ਿਲੇ ਜਿੱਥੇ 4 ਮੰਦਰ ਸਥਿਤ ਹਨ, ਜਿਨ੍ਹਾਂ ਨੂੰ ਚਾਰਧਾਮ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ, ਉੱਥੇ ਕੋਰੋਨਾ ਦਾ ਇਕ ਵੀ ਮਾਮਲਾ ਨਾ ਆਉਣ ਨਾਲ ਗ੍ਰੀਨ ਜ਼ੋਨ ਵਿਚ ਹਨ। ਗੰਗੋਤਰੀ ਅਤੇ ਯਮੁਨੋਤਰੀ ਮੰਦਰ ਉੱਤਰਕਾਸ਼ੀ ਜ਼ਿਲੇ 'ਚ ਸਥਿਤ ਹਨ, ਕੇਦਾਰਨਾਥ ਰੁਦਰਪ੍ਰਯਾਗ ਜ਼ਿਲੇ ਵਿਚ ਅਤੇ ਬਦਰੀਨਾਥ ਚਮੋਲੀ ਜ਼ਿਲੇ ਵਿਚ ਸਥਿਤ ਹੈ। ਬਦਰੀਨਾਥ ਨੂੰ ਛੱਡ ਕੇ ਹੋਰ ਮੰਦਰਾਂ ਦੇ ਕਿਵਾੜ ਖੁੱਲ੍ਹ ਗਏ ਹਨ। ਲਾਕਡਾਊਨ ਕਾਰਨ ਬਦਰੀਨਾਥ ਦੇ ਕਿਵਾੜ ਖੋਲ੍ਹਣ ਦੀ ਤਰੀਕ ਫਿਰ ਤੈਅ ਕੀਤੀ ਗਈ। ਇਹ ਹੁਣ 15 ਮਈ ਹੈ। ਗੰਗੋਤਰੀ ਅਤੇ ਯਮੁਨੋਤਰੀ ਮੰਦਰ ਦੇ ਕਿਵਾੜ 26 ਅਪ੍ਰੈਲ ਨੂੰ ਖੋਲ੍ਹੇ ਗਏ ਸਨ।