ਰਿਐਕਟਰ ਧਮਾਕੇ ਕਾਰਨ ਧਾਤ ਦਾ ਟੁਕੜਾ ਘਰ ’ਤੇ ਡਿੱਗਿਆ, ਸ਼ਖ਼ਸ ਨੇ ਗੁਆਏ ਦੋਵੇਂ ਪੈਰ

Tuesday, Aug 06, 2024 - 09:51 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਕੰਪਨੀ ਦੇ ‘ਰਿਐਕਟਰ’ ’ਚ ਧਮਾਕਾ ਹੋਣ ਤੋਂ ਬਾਅਦ ਉਸ ’ਚੋਂ ਧਾਤ ਦਾ ਟੁਕੜਾ ਇਕ ਘਰ ’ਤੇ ਡਿੱਗਣ ਕਾਰਨ ਇਕ ਵਿਅਕਤੀ ਨੇ ਆਪਣੇ ਦੋਵੇਂ ਪੈਰ ਗੁਆ ਦਿੱਤੇ। ਇਸ ਹਾਦਸੇ ’ਚ ਉਸ ਦੀ ਪਤਨੀ ਅਤੇ ਧੀ ਦੋਵੇਂ ਜ਼ਖਮੀ ਹੋ ਗਈਆਂ।

ਘਟਨਾ ਸਵੇਰੇ 4.30 ਵਜੇ ਵਾਪਰੀ। ਕੁਲਗਾਂਵ-ਬਦਲਾਪੁਰ ਫਾਇਰ ਸੈਂਟਰ ਦੇ ਮੁੱਖ ਅਫਸਰ ਭਾਗਵਤ ਸੋਨਾਵਣੇ ਨੇ ਦੱਸਿਆ ਕਿ ਬਦਲਾਪੁਰ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐੱਮ. ਆਈ. ਡੀ. ਸੀ.) ਦੇ ਖਰਵਈ ਪਿੰਡ ’ਚ ਸਥਿਤ ਦਵਾਈ ਕੰਪਨੀ ਦੇ ਰਿਐਕਟਰ ਦੇ ਰਿਸੀਵਰ ਟੈਂਕ ’ਚ ਧਮਾਕਾ ਹੋਇਆ, ਜਿਸ ਕਾਰਨ ਯੂਨਿਟ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਕਰਮੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਈ। 

ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਇਕ ਧਾਤ ਦਾ ਟੁਕੜਾ 300-400 ਮੀਟਰ ਦੂਰ ਉੱਡ ਕੇ ਪਿੰਡ ਦੇ ਇਕ ਘਰ ’ਤੇ ਜਾ ਡਿੱਗਿਆ, ਜਿਸ ਨਾਲ ਉੱਥੇ ਰਹਿਣ ਵਾਲੇ ਲੋਕ ਜ਼ਖਮੀ ਹੋ ਗਏ। ਪੀੜਤ ਉਸ ਸਮੇਂ ਸੁੱਤੇ ਪਏ ਸਨ। ਧਾਤ ਦਾ ਟੁਕੜਾ ਮਕਾਨ ਦੀ ਛੱਤ ’ਚੋਂ ਆਰ-ਪਾਰ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਰ ’ਚ ਰਹਿਣ ਵਾਲੇ ਇਕ ਵਿਅਕਤੀ ਦੇ ਦੋਵਾਂ ਪੈਰਾਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ’ਚ ਸਥਾਨਕ ਹਸਪਤਾਲ ’ਚ ਉਸ ਦੇ ਦੋਵੇਂ ਪੈਰਾਂ ਨੂੰ ਵੱਢਣਾ ਪਿਆ। ਪੁਲਸ ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਇਹ ਯਕੀਨੀ ਕਰ ਰਹੀ ਹੈ ਕਿ ਅਜਿਹੀ ਤ੍ਰਾਸਦੀ ਮੁੜ ਨਾ ਹੋਵੇ। 


Tanu

Content Editor

Related News