ਫਾਈਜ਼ਰ-ਮਾਡਰਨਾ ਦਾ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ, ਕਿਹਾ ਸਿਰਫ਼ ਕੇਂਦਰ ਨਾਲ ਕਰਾਂਗੇ ਡੀਲ : ਕੇਜਰੀਵਾਲ
Monday, May 24, 2021 - 12:53 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਦੱਸਿਆ,''ਅਸੀਂ ਜਦੋਂ ਫਾਈਜ਼ਰ ਅਤੇ ਮਾਡਰਨਾ ਵਰਗੀਆਂ ਕੰਪਨੀਆਂ ਨਾਲ ਦਿੱਲੀ ਨੂੰ ਵੈਕਸੀਨ ਵਿਕਰੀ ਲਈ ਗੱਲ ਕੀਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਕੇਜਰੀਵਾਲ ਦਾ ਦਾਅਵਾ ਹੈ ਕਿ ਕੰਪਨੀਆਂ ਨੇ ਦਿੱਲੀ ਨੂੰ ਦੋ ਟੂਕ ਜਵਾਬ ਦਿੱਤਾ ਹੈ ਕਿ ਉਹ ਸਿਰਫ਼ ਅਤੇ ਸਿਰਫ਼ ਭਾਰਤ ਸਰਕਾਰ ਨਾਲ ਹੀ ਸੌਦਾ ਕਰਨਗੀਆਂ। ਅਜਿਹੇ 'ਚ ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਵੈਕਸੀਨ ਦਾ ਆਯਾਤ ਕਰੇ ਅਤੇ ਸੂਬਿਆਂ ਨੂੰ ਉਪਲੱਬਧ ਕਰਵਾਏ। ਅਜਿਹਾ ਹੀ ਗੱਲ ਪੰਜਾਬ ਸਰਕਾਰ ਨੇ ਵੀ ਕਹੀ ਹੈ। ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਤੇ ਕੋਵਿਡ ਵੈਕਸੀਨੇਸ਼ਨ ਦੇ ਨੋਡਲ ਅਫ਼ਸਰ ਵਿਕਾਸ ਗਰਗ ਨੇ ਐਤਵਾਰ ਨੂੰ ਦੱਸਿਆ ਕਿ ਸਰਕਾਰ ਨੇ ਮਾਡਰਨਾ ਤੋਂ ਵੈਕਸੀਨ ਨੂੰ ਲੈ ਕੇ ਸੰਪਰਕ ਕੀਤਾ ਸੀ ਪਰ ਕੰਪਨੀ ਨੇ ਉਸ ਨਾਲ ਸਿੱਧੇ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਵੈਕਸੀਨ ਨੂੰ ਲੈ ਕੇ ਸਿਰਫ਼ ਕੇਂਦਰ ਨਾਲ ਗੱਲ ਕਰਦੀ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਵੈਕਸੀਨ ਦੀ ਜ਼ਬਰਦਸਤ ਕਿੱਲਤ ਚੱਲ ਰਹੀ ਹੈ। 13 ਦਿਨਾਂ ਤੋਂ ਕੋਵੈਕਸੀਨ ਦਾ ਸਟਾਕ ਖ਼ਤਮ ਹੈ ਅਤੇ ਸੋਮਵਾਰ ਤੱਕ ਕੋਵੀਸ਼ੀਲਡ ਵੈਕਸੀਨ ਵੀ ਖ਼ਤਮ ਹੋਣ ਦੀ ਜਾਣਕਾਰੀ ਸੀ।