ਮੁੱਕ ਗਿਆ ਪੈਟਰੋਲ-ਡੀਜ਼ਲ ! ਪੰਪਾਂ ''ਤੇ ਲੱਗੀਆਂ ਲੰਬੀਆਂ ਲਾਈਨਾਂ, ਆਂਧਰਾ ਪ੍ਰਦੇਸ਼ ''ਚ ਵਿਗੜੇ ਹਾਲਾਤ
Monday, Apr 27, 2026 - 05:08 PM (IST)
ਆਂਧਰਾ ਪ੍ਰਦੇਸ਼- ਸਰਕਾਰ ਵਲੋਂ 'ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੋਵੇਗੀ' ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ, ਆਂਧਰਾ ਪ੍ਰਦੇਸ਼ 'ਚ ਸੋਮਵਾਰ ਨੂੰ ਹਜ਼ਾਰਾਂ ਵਾਹਨ ਚਾਲਕ ਪੈਟਰੋਲ ਅਤੇ ਡੀਜ਼ਲ ਦੀ ਕਮੀ ਦੇ ਡਰ ਕਾਰਨ ਪੈਟਰੋਲ ਪੰਪਾਂ 'ਤੇ ਇਕੱਠੇ ਹੋ ਗਏ। ਰਾਜਾਮੁੰਦਰੀ ਦੇ ਇਕ ਪੈਟਰੋਲ ਪੰਪ 'ਤੇ, ਕਈ ਦੋਪਹੀਆ ਵਾਹਨ, ਕਾਰਾਂ, ਟਰੱਕ ਅਤੇ ਹੋਰ ਵਾਹਨ ਲਾਈਨਾਂ 'ਚ ਖੜ੍ਹੇ ਦੇਖੇ ਗਏ। ਲੋਕ ਪੈਟਰੋਲ ਅਤੇ ਡੀਜ਼ਲ ਖਰੀਦਣ ਲਈ ਪਲਾਸਟਿਕ ਦੇ ਡੱਬੇ ਲੈ ਕੇ ਜਾਂਦੇ ਦੇਖੇ ਗਏ। ਵਿਜੇਵਾੜਾ ਦੇ ਆਟੋ ਨਗਰ 'ਚ ਇਕ ਪੈਟਰੋਲ ਪੰਪ 'ਤੇ ਵੀ ਅਜਿਹੀ ਹੀ ਸਥਿਤੀ ਦੇਖੀ ਗਈ, ਜਿੱਥੇ ਬਹੁਤ ਸਾਰੇ ਵਾਹਨ ਲਾਈਨ 'ਚ ਖੜ੍ਹੇ ਸਨ। ਐਤਵਾਰ ਦੁਪਹਿਰ ਨੂੰ, ਅਜੀਤ ਸਿੰਘ ਨਗਰ ਅਤੇ ਵਿਜੇਵਾੜਾ ਦੇ ਆਲੇ-ਦੁਆਲੇ ਦੇ ਸਾਰੇ ਪੈਟਰੋਲ ਪੰਪਾਂ 'ਤੇ ਵੀ ਅਜਿਹੀ ਹੀ ਸਥਿਤੀ ਸੀ। ਗੁੰਟੂਰ ਦੇ ਫਿਊਲ ਰਿਟੇਲਰਜ਼ ਐਸੋਸੀਏਸ਼ਨ ਦੇ ਮੈਂਬਰ ਗੋਪਾਲ ਕ੍ਰਿਸ਼ਨ ਨੇ ਕਿਹਾ ਕਿ ਸੰਕਟ ਪੂਰੇ ਰਾਜ 'ਚ ਫੈਲ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਇਹ ਸਿਰਫ਼ ਗੁੰਟੂਰ ਨਹੀਂ ਹੈ, ਇਹ ਪੂਰੇ ਰਾਜ 'ਚ ਇੱਕੋ ਜਿਹੀ ਸਥਿਤੀ ਹੈ। ਸਾਨੂੰ ਆਪਣੇ ਡੀਲਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਡੀਜ਼ਲ ਹਰ ਜਗ੍ਹਾ ਖਤਮ ਹੋ ਰਿਹਾ ਹੈ। ਸਾਨੂੰ ਉਮੀਦ ਹੈ ਕਿ ਕੱਲ੍ਹ (28 ਅਪ੍ਰੈਲ) ਤੱਕ 70 ਤੋਂ 80 ਫੀਸਦੀ ਪੈਟਰੋਲ ਪੰਪਾਂ 'ਤੇ ਬਾਲਣ ਪਹੁੰਚ ਜਾਵੇਗਾ।" ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਤੇਲ ਕੰਪਨੀਆਂ ਨੇ ਡੀਲਰਾਂ ਨੂੰ ਘੱਟ ਬਾਲਣ ਸਪਲਾਈ ਕਰਨ ਦਾ ਇਰਾਦਾ ਬਣਾਇਆ ਸੀ ਅਤੇ ਡੀਜ਼ਲ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਕਾਰਨ ਇਹ ਸੰਕਟ ਪੈਦਾ ਹੋਇਆ। ਕ੍ਰਿਸ਼ਨਾ ਨੇ ਕਿਹਾ ਕਿ ਲੋਕ ਵੱਡੀ ਗਿਣਤੀ 'ਚ ਉੱਥੇ ਪਹੁੰਚ ਰਹੇ ਹਨ ਜਿੱਥੇ ਬਾਲਣ ਉਪਲਬਧ ਹੈ।
ਉਨ੍ਹਾਂ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਹੀਂ ਅਤੇ ਫਿਊਲ ਦਾ ਭੰਡਾਰ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਸਾਰੇ ਪੈਟਰੋਲ ਪੰਪਾਂ 'ਤੇ ਫਿਊਲ ਦੀ ਸਪਲਾਈ ਕੀਤੀ ਜਾਵੇਗੀ ਅਤੇ ਕੁਝ ਦਿਨਾਂ 'ਚ ਸਥਿਤੀ ਆਮ ਹੋ ਜਾਵੇਗੀ। ਇਸ ਵਿਚਚ, ਪੋਲਾਵਰਮ ਜ਼ਿਲ੍ਹੇ ਦੇ ਕਲੈਕਟਰ ਦਿਨੇਸ਼ ਕੁਮਾਰ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ 'ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਹੈ। ਫਿਊਲ ਦੀ ਕੋਈ ਕਮੀ ਨਹੀਂ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।'' ਉਨ੍ਹਾਂ ਨੇ ਲੋਕਾਂ ਨੂੰ ਗੈਰ-ਜ਼ਰੂਰੀ ਰੂਪ ਨਾਲ ਵੱਡੀ ਮਾਤਰਾ 'ਚ ਫਿਊਲ ਨਹੀਂ ਖਰੀਦਣ ਦੀ ਸਲਾਹ ਦਿੱਤੀ ਅਤੇ ਕਮੀ ਹੋਣ ਦੀ ਸਥਿਤੀ 'ਚ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਇਸ ਦੌਰਾਨ, ਟਰਾਂਸਪੋਰਟ ਮੰਤਰੀ ਐੱਮ. ਰਾਮ ਪ੍ਰਸਾਦ ਰੈਡੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ 'ਚ ਅਸਥਾਈ ਵਿਘਨ ਦੇ ਬਾਵਜੂਦ ਆਵਾਜਾਈ ਸੇਵਾਵਾਂ ਪ੍ਰਭਾਵਿਤ ਨਾ ਹੋਣ। ਟਰਾਂਸਪੋਰਟ ਆਪਰੇਟਰਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਸੁਵਿਧਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ,''ਰਾਜ ਭਰ 'ਚ ਸਾਰੀਆਂ ਟਰਾਂਸਪੋਰਟ ਸੇਵਾਵਾਂ ਨੂੰ ਯਾਤਰੀਆਂ ਨੂੰ ਅਸਹੂਲਤ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
