ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ! ਜਾਰੀ ਹੋਈ ਵੱਡੀ ਚਿਤਾਵਨੀ

Saturday, Jul 11, 2026 - 09:17 PM (IST)

ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ! ਜਾਰੀ ਹੋਈ ਵੱਡੀ ਚਿਤਾਵਨੀ

ਨਵੀਂ ਦਿੱਲੀ - ਦੁਨੀਆ ’ਚ ਇਕ ਵਾਰ ਫਿਰ ਤੇਲ ਸੰਕਟ ਡੂੰਘਾ ਹੋਣ ਦੀ ਖਦਸ਼ਾ ਪ੍ਰਗਟਾਇਆ ਗਿਆ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵਧ ਕੇ ਵੱਡੀ ਜੰਗ ਦਾ ਰੂਪ ਲੈਂਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪੂਰੀ ਦੁਨੀਆ ਦੀ ਤੇਲ ਸਪਲਾਈ ਅਤੇ ਈਂਧਨ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ।
ਆਈ. ਈ. ਏ. ਦਾ ਕਹਿਣਾ ਹੈ ਕਿ ਫਿਲਹਾਲ ਗਲੋਬਲ ਤੇਲ ਬਾਜ਼ਾਰ ਹੌਲੀ-ਹੌਲੀ ਸਥਿਰ ਹੋ ਰਿਹਾ ਹੈ ਪਰ ਪੱਛਮੀ ਏਸ਼ੀਆ ’ਚ ਵਧਦਾ ਤਣਾਅ ਇਸ ਸੁਧਾਰ ਨੂੰ ਕਦੇ ਵੀ ਪਲਟ ਸਕਦਾ ਹੈ। ਜੇਕਰ ਇਸ ਖੇਤਰ ’ਚ ਤੇਲ ਉਤਪਾਦਨ ਜਾਂ ਸਮੁੰਦਰੀ ਰਸਤੇ ਪ੍ਰਭਾਵਿਤ ਹੁੰਦੇ ਹਨ, ਤਾਂ ਪੂਰੀ ਦੁਨੀਆ ’ਚ ਕੱਚੇ ਤੇਲ ਦੀ ਸਪਲਾਈ ਘਟ ਸਕਦੀ ਹੈ ਅਤੇ ਪੈਟਰੋਲ-ਡੀਜ਼ਲ ਮਹਿੰਗੇ ਹੋ ਸਕਦੇ ਹਨ।

ਹੋਰਮੁਜ਼ ਸਟ੍ਰੇਟ ਬੰਦ ਹੋਣ ਨਾਲ ਵਧੀ ਚਿੰਤਾ
ਆਈ. ਈ. ਏ. ਮੁਤਾਬਕ ਸਭ ਤੋਂ ਵੱਡਾ ਖਤਰਾ ਹੋਰਮੁਜ਼ ਨਾਲ ਜੁੜਿਆ ਹੈ। ਇਹ ਦੁਨੀਆ ਦੇ ਸਭ ਤੋਂ ਜ਼ਰੂਰੀ ਸਮੁੰਦਰੀ ਤੇਲ ਰਸਤਿਆਂ ’ਚੋਂ ਇਕ ਹੈ। ਇੱਥੋਂ ਹਰ ਦਿਨ ਵੱਡੀ ਮਾਤਰਾ ’ਚ ਕੱਚਾ ਤੇਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚਦਾ ਹੈ।

ਰਿਪੋਰਟ ਮੁਤਾਬਕ ਜੇਕਰ ਹੋਰਮੁਜ਼ ਬੰਦ ਹੋ ਜਾਂਦਾ ਹੈ, ਤਾਂ ਰੋਜ਼ਾਨਾ ਲੱਗਭਗ 1.4 ਕਰੋੜ ਬੈਰਲ ਕੱਚੇ ਤੇਲ ਦੀ ਸਪਲਾਈ ਠੱਪ ਹੋ ਸਕਦੀ ਹੈ। ਇੰਨੀ ਵੱਡੀ ਮਾਤਰਾ ’ਚ ਸਪਲਾਈ ਰੁਕਣ ਨਾਲ ਦੁਨੀਆ ’ਚ ਈਂਧਨ ਦੀ ਕਮੀ ਪੈਦਾ ਹੋ ਸਕਦੀ ਹੈ ਅਤੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਆ ਸਕਦਾ ਹੈ।

ਦੁਨੀਆ ਦੀ ਅਰਥਵਿਵਸਥਾ ’ਤੇ ਪੈ ਸਕਦੈ ਅਸਰ
ਪੱਛਮੀ ਏਸ਼ੀਆ ਦੁਨੀਆ ਦੇ ਸਭ ਤੋਂ ਵੱਡੇ ਕੱਚਾ ਤੇਲ ਬਰਾਮਦ ਖੇਤਰਾਂ ’ਚ ਸ਼ਾਮਲ ਹੈ, ਇਸ ਲਈ ਇਸ ਇਲਾਕੇ ’ਚ ਕਿਸੇ ਵੀ ਤਰ੍ਹਾਂ ਦਾ ਫੌਜੀ ਸੰਘਰਸ਼ ਸਿਰਫ ਖੇਤਰੀ ਨਹੀਂ, ਸਗੋਂ ਗਲੋਬਲ ਅਸਰ ਪਾ ਸਕਦਾ ਹੈ। ਜੇਕਰ ਤੇਲ ਉਤਪਾਦਕ ਦੇਸ਼ਾਂ ਦਾ ਉਤਪਾਦਨ ਘਟਦਾ ਹੈ ਜਾਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਤਾਂ ਪੂਰੀ ਦੁਨੀਆ ’ਚ ਕੱਚੇ ਤੇਲ ਦੀ ਉਪਲਬਧਤਾ ਘਟ ਜਾਵੇਗੀ। ਇਸ ਦਾ ਅਸਰ ਪੈਟਰੋਲ, ਡੀਜ਼ਲ, ਜਹਾਜ਼ੀ ਈਂਧਨ ਅਤੇ ਗੈਸ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮਹਿੰਗੇ ਈਂਧਨ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ, ਟ੍ਰਾਂਸਪੋਰਟ ਲਾਗਤ ਅਤੇ ਮਹਿੰਗਾਈ ’ਤੇ ਪੈ ਸਕਦਾ ਹੈ।

ਫਿਲਹਾਲ ਪੂਰਾ ਤੇਲ ਪਰ ਖਤਰਾ ਬਰਕਰਾਰ
ਆਈ. ਈ. ਏ. ਨੇ ਕਿਹਾ ਹੈ ਕਿ ਇਸ ਸਮੇਂ ਗਲੋਬਲ ਬਾਜ਼ਾਰ ’ਚ ਤੇਲ ਦੀ ਪੂਰੀ ਉਪਲਬਧਤਾ ਹੈ ਅਤੇ ਫਿਲਹਾਲ ਸਪਲਾਈ ਆਮ ਬਣੀ ਹੋਈ ਹੈ। ਹਾਲਾਂਕਿ, ਏਜੰਸੀ ਨੇ ਸਪੱਸ਼ਟ ਕੀਤਾ ਕਿ ਬਾਜ਼ਾਰ ਅਜੇ ਵੀ ਬੇਹੱਦ ਸੰਵੇਦਨਸ਼ੀਲ ਹੈ। ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਹੋਰ ਵਧਦਾ ਹੈ, ਤਾਂ ਮੌਜੂਦਾ ਸੰਤੁਲਨ ਕੁਝ ਹੀ ਸਮੇਂ ’ਚ ਵਿਗੜ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭੂ-ਸਿਆਸੀ ਜੋਖਮ ਫਿਲਹਾਲ ਤੇਲ ਬਾਜ਼ਾਰ ਲਈ ਸਭ ਤੋਂ ਵੱਡੀ ਚਿੰਤਾ ਬਣੇ ਹੋਏ ਹਨ।

ਤੇਲ ਦੀਆਂ ਕੀਮਤਾਂ ’ਚ ਵਧ ਸਕਦੀ ਹੈ ਬੇਭਰੋਸਗੀ
ਆਈ. ਈ. ਏ. ਨੇ ਕਿਹਾ ਹੈ ਕਿ ਫਿਲਹਾਲ ਤੇਲ ਬਾਜ਼ਾਰ ’ਚ ਸਥਿਤੀ ਆਮ ਦਿਖਾਈ ਦੇ ਰਹੀ ਹੈ ਪਰ ਨਿਵੇਸ਼ਕ ਅਤੇ ਸਰਕਾਰਾਂ ਅਮਰੀਕਾ ਅਤੇ ਈਰਾਨ ਵਿਚਾਲੇ ਹੋ ਰਹੇ ਘਟਨਾਕ੍ਰਮ ’ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਹੋਰ ਵਧਦਾ ਹੈ, ਤਾਂ ਗਲੋਬਲ ਤੇਲ ਬਾਜ਼ਾਰ ’ਚ ਫਿਰ ਤੋਂ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ ਅਤੇ ਕਈ ਦੇਸ਼ਾਂ ’ਚ ਮਹਿੰਗਾਈ ਦਾ ਦਬਾਅ ਵੀ ਵਧ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਪੱਛਮੀ ਏਸ਼ੀਆ ਦੀ ਸਥਿਤੀ ਗਲੋਬਲ ਊਰਜਾ ਬਾਜ਼ਾਰ ਦੀ ਦਿਸ਼ਾ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ।
 


author

Inder Prajapati

Content Editor

Related News