ਮਮਤਾ ਬੈਨਰਜੀ ਨੂੰ CM ਅਹੁਦੇ ਤੋਂ ਲਾਹੇ ਜਾਣ ਲਈ ਸੁਪਰੀਮ ਕੋਰਟ ’ਚ ਰਿੱਟ ਦਾਇਰ

Tuesday, Jan 07, 2020 - 02:12 AM (IST)

ਮਮਤਾ ਬੈਨਰਜੀ ਨੂੰ CM ਅਹੁਦੇ ਤੋਂ ਲਾਹੇ ਜਾਣ ਲਈ ਸੁਪਰੀਮ ਕੋਰਟ ’ਚ ਰਿੱਟ ਦਾਇਰ

ਕੋਲਕਾਤਾ — ਨਾਗਰਿਕਤਾ ਸੋਧ ਕਾਨੂੰਨ ਅਤੇ ਸ਼ਹਿਰੀਆਂ ਬਾਰੇ ਕੌਮੀ ਰਜਿਸਟਰ ਵਿਰੁੱਧ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਦੇਸ਼ ਭਰ 'ਚ ਰਾਏਸ਼ੁਮਾਰੀ ਕਰਾਉਣ ਲਈ ਬਾਰੇ ਬਿਆਨ ਦੇਣ 'ਤੇ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉੁਣ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ। ਇਕ ਪੱਤਰਕਾਰ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਇਹ ਅਰਜ਼ੀ ਦਿੱਤੀ ਹੈ।

ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਬਾਰੇ ਇਕ ਜਲਸੇ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਜੇਕਰ ਭਾਜਪਾ 'ਚ ਹਿੰਮਤ ਹੈ ਤਾਂ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਸੀ. ਏ. ਏ. ਅਤੇ ਐੱਨ. ਆਰ. ਸੀ. ਬਾਰੇ ਰਾਏਸ਼ੁਮਾਰੀ ਕਰਾਵੇ। ਜੇਕਰ ਭਾਜਪਾ ਰਾਏਸ਼ੁਮਾਰੀ ਵਿਚ ਹਾਰ ਜਾਂਦੀ ਹੈ ਤਾਂ ਉਸ ਨੂੰ ਹਕੂਮਤ ਤੋਂ ਵੀ ਅਸਤੀਫਾ ਦੇ ਦੇਣਾ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਤੁਹਾਡੇ ਕੋਲ ਬਹੁਮਤ ਹੈ, ਇਸ ਲਈ ਸਭ ਨੂੰ ਡਰਾ ਨਹੀਂ ਸਕਦੇ ਹੋ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮਮਤਾ ਦਾ ਬਿਆਨ ਭਾਰਤੀ ਸੰਵਿਧਾਨ ਦੇ ਵਿਰੁੱਧ ਹੈ। ਬਿਆਨ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਯਕੀਨ ਨਹੀਂ ਰੱਖਦੀ ਹੈ। ਯਾਦ ਰਹੇ ਮਮਤਾ ਬੈਨਰਜੀ ਨੇ ਬਾਅਦ ਵਿਚ ਇਸ ਬਿਆਨ ਦਾ ਸਪੱਸ਼ਟੀਕਰਨ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਰਾਏਸ਼ੁਮਾਰੀ ਕਰਾਉਣ ਦਾ ਨਹੀਂ ਸੀ। ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ।


author

Inder Prajapati

Content Editor

Related News