ਦੇਸ਼ ਭਗਤੀ ਦੇ ਗੀਤ 'ਤੇ ਨੱਚਦੇ ਸਮੇਂ ਵਿਅਕਤੀ ਦੀ ਹੋਈ ਮੌਤ, ਲੋਕ ਵਜਾਉਂਦੇ ਰਹੇ ਤਾੜੀਆਂ (Video)

05/31/2024 5:59:00 PM

ਇੰਦੌਰ (ਮੱਧ ਪ੍ਰਦੇਸ਼) (ਭਾਸ਼ਾ) - ਇੰਦੌਰ ਵਿਚ ਇਕ ਯੋਗਾ ਕੈਂਪ ਦੌਰਾਨ ਫੌਜ ਦੀ ਵਰਦੀ ਵਿਚ ਦੇਸ਼ ਭਗਤੀ ਦੇ ਗੀਤ 'ਤੇ ਨੱਚਦੇ ਸਮੇਂ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਨੂੰ ਇਕ 73 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਯੋਗਾ ਕੈਂਪ ਦੇ ਪ੍ਰਬੰਧਕ ਨੇ ਦਿੱਤੀ। ਸ਼ਹਿਰ ਦੇ ਫੁੱਟੀ ਕੋਠੀ ਇਲਾਕੇ ਵਿੱਚ ਯੋਗਾ ਕੈਂਪ ਦੇ ਆਯੋਜਨ ਵਿੱਚ ਸ਼ਾਮਲ ਰਾਜ ਕੁਮਾਰ ਜੈਨ ਨੇ ਦੱਸਿਆ ਕਿ ਬਲਵੀਰ ਸਿੰਘ ਛਾਬੜਾ (73) ਆਪਣੇ ਗਰੁੱਪ ਨਾਲ ਇਸ ਕੈਂਪ ਵਿੱਚ ਵਿਸ਼ੇਸ਼ ਪੇਸ਼ਕਾਰੀ ਲਈ ਆਇਆ ਸੀ ਅਤੇ ਉਸ ਨੇ ਫੌਜ ਦੀ ਵਰਦੀ ਪਾ ਕੇ 'ਮਾਂ ਤੁਝੇ ਸਲਾਮ' ਟਾਈਟਲ ਦੇ ਫ਼ਿਲਮੀ ਗਾਣੇ 'ਤੇ ਰਾਸ਼ਟਰੀ ਝੰਡਾ ਤਿਰੰਗਾ ਹੱਥ ਵਿਚ ਫੜ੍ਹ ਕੇ ਪੇਸ਼ਕਾਰੀ ਕਰ ਰਹੇ ਸਨ।

 

ਉਸ ਨੇ ਦੱਸਿਆ, ''ਡਾਂਸ ਕਰਦੇ ਹੋਏ ਛਾਬੜਾ ਅਚਾਨਕ ਜ਼ਮੀਨ 'ਤੇ ਬੇਹੋਸ਼ ਹੋ ਕੇ ਡਿੱਗ ਗਿਆ। ਪਹਿਲਾਂ ਤਾਂ ਅਸੀਂ ਸੋਚਿਆ ਕਿ ਉਹ ਦੁਸ਼ਮਣ ਦੀ ਗੋਲੀ ਨਾਲ ਸ਼ਹੀਦ ਹੋਣ ਦਾ ਢੌਂਗ ਕਰ ਰਿਹਾ ਸੀ, ਪਰ ਜਦੋਂ ਉਹ ਇਕ ਮਿੰਟ ਬਾਅਦ ਵੀ ਨਾ ਜਾਗਿਆ ਤਾਂ ਸਾਨੂੰ ਸ਼ੱਕ ਹੋ ਗਿਆ। ਜਦੋਂ ਅਸੀਂ ਉਸ ਨੂੰ 'ਸੀ.ਪੀ.ਆਰ.' ਦਿੱਤਾ ਤਾਂ ਉਹ ਉਠ ਕੇ ਕੁਰਸੀ 'ਤੇ ਬੈਠ ਗਿਆ ਅਤੇ ਸਾਨੂੰ ਪੁੱਛਣ ਲੱਗਾ ਕਿ ਉਸ ਨੂੰ ਅਚਾਨਕ ਕੀ ਹੋ ਗਿਆ ਹੈ?''

 ਜੈਨ ਅਨੁਸਾਰ ਕਥਿਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਛਾਬੜਾ ਨੂੰ ਤੁਰੰਤ ਨੇੜਲੇ ਅਰਿਹੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸੀਜੀ ਅਤੇ ਹੋਰ ਟੈਸਟਾਂ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਨਿੱਜੀ ਹਸਪਤਾਲ ਦੇ ਅਧਿਕਾਰੀ ਨੇ ਜੈਨ ਦੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਛਾਬੜਾ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਵੀਰਜੀ ਛਾਬੜਾ ਦੇ ਨਾਂ ਨਾਲ ਜਾਣੇ ਜਾਂਦੇ ਉਨ੍ਹਾਂ ਦੇ ਪਿਤਾ ਪਿਛਲੇ 25 ਸਾਲਾਂ ਤੋਂ ‘ਮੌਰਨਿੰਗ ਵਾਕਰਜ਼ ਕਲੱਬ’ ਚਲਾ ਰਹੇ ਸਨ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਸਨ। ਜਗਜੀਤ ਨੇ ਦੱਸਿਆ, “ਮੇਰੇ ਪਿਤਾ ਨੇ ਜਵਾਨੀ ਵਿੱਚ ਹੀ ਫੌਜ ਵਿੱਚ ਭਰਤੀ ਲਈ ਅਰਜ਼ੀ ਦਿੱਤੀ ਸੀ, ਪਰ ਉਹ ਚੁਣੇ ਨਹੀਂ ਜਾ ਸਕੇ।

ਉਹ ਪਿਛਲੇ ਕਈ ਸਾਲਾਂ ਤੋਂ ਦੇਸ਼ ਭਗਤੀ ਦੇ ਗੀਤਾਂ 'ਤੇ ਡਾਂਸ ਪੇਸ਼ ਕਰ ਰਹੇ ਸੀ।'' ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੇ ਮਰਹੂਮ ਪਿਤਾ ਦੀਆਂ ਅੱਖਾਂ ਅਤੇ ਚਮੜੀ ਦਾਨ ਕੀਤੀ ਹੈ। ਦੇਸ਼ ਭਗਤੀ ਦੇ ਗੀਤ 'ਤੇ ਡਾਂਸ ਪ੍ਰਦਰਸ਼ਨ ਦੌਰਾਨ ਛਾਬੜਾ ਦਾ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


Harinder Kaur

Content Editor

Related News