ਰੇਲਵੇ ਸਟੇਸ਼ਨ ''ਤੇ ਥੁੱਕਣ ਅਤੇ ਕੂੜਾ ਸੁੱਟਣ ''ਤੇ 581 ਲੋਕਾਂ ਨੂੰ ਲੱਗਿਆ ਜੁਰਮਾਨਾ

Friday, Apr 04, 2025 - 12:58 PM (IST)

ਰੇਲਵੇ ਸਟੇਸ਼ਨ ''ਤੇ ਥੁੱਕਣ ਅਤੇ ਕੂੜਾ ਸੁੱਟਣ ''ਤੇ 581 ਲੋਕਾਂ ਨੂੰ ਲੱਗਿਆ ਜੁਰਮਾਨਾ

ਭੁਵਨੇਸ਼ਵਰ- ਪੂਰਬੀ ਤੱਟ ਰੇਲਵੇ ਅਧਿਕਾਰੀਆਂ ਨੇ ਮਾਰਚ ਦੌਰਾਨ ਓਡੀਸ਼ਾ ਦੇ ਭੁਵਨੇਸ਼ਵਰ ਰੇਲਵੇ ਸਟੇਸ਼ਨ 'ਤੇ ਥੁੱਕਣ ਅਤੇ ਕੂੜਾ ਸੁੱਟਣ ਦੇ ਦੋਸ਼ ਵਿਚ 581 ਲੋਕਾਂ 'ਤੇ ਜੁਰਮਾਨਾ ਲਾਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਰੇਲਵੇ ਕੰਪਲੈਕਸ ਵਿਚ ਸਫ਼ਾਈ 'ਚ ਸੁਧਾਰ ਅਤੇ ਸਾਫ਼-ਸਫ਼ਾਈ ਬਰਕਰਾਰ ਰੱਖਣ ਦੇ ਉਦੇਸ਼ ਦੀ ਪਹਿਲਕਦਮੀ ਦਾ ਹਿੱਸਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਵਿਚ ਕੁੱਲ 1,17,100 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਸੀ। ਵੀਰਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਫਾਈ ਨਿਯਮਾਂ ਨੂੰ ਲਾਗੂ ਕਰਨ ਅਤੇ ਯਾਤਰੀਆਂ ਵਿਚਾਲੇ ਜਾਗਰੂਕਤਾ ਵਧਾਉਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਗਈ ਹੈ। ਇਹ ਟਾਸਕ ਫੋਰਸ ਸਟੇਸ਼ਨ ਮੈਨੇਜਰਾਂ, ਟਿਕਟ ਕੁਲੈਕਟਰਾਂ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐਫ) ਨਾਲ ਮਿਲ ਕੇ ਕੰਮ ਕਰਦੀ ਹੈ।

ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਸਫਾਈ ਬਣਾਈ ਰੱਖਣ ਦੀ ਮਹੱਤਤਾ ਬਾਰੇ ਸੰਦੇਸ਼ ਜਨਤਕ ਘੋਸ਼ਣਾ ਪ੍ਰਣਾਲੀ ਰਾਹੀਂ ਪ੍ਰਸਾਰਿਤ ਕੀਤੇ ਜਾਂਦੇ ਹਨ। ਨਾਲ ਹੀ ਪੋਸਟਰ ਅਤੇ ਬੈਨਰ ਵੀ ਵੰਡੇ ਜਾਂਦੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਪੂਰਬੀ ਤੱਟ ਰੇਲਵੇ ਵੱਲੋਂ ਸਖ਼ਤ ਚੌਕਸੀ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਇਸ ਦੇ ਅਧਿਕਾਰ ਖੇਤਰ 'ਚ ਸਾਰੇ ਸਟੇਸ਼ਨਾਂ ਤੱਕ ਪਹੁੰਚਾਇਆ ਗਿਆ ਹੈ। ਇਸ ਦਾ ਉਦੇਸ਼ ਸਾਰੇ ਯਾਤਰੀਆਂ ਲਈ ਇਕ ਸਾਫ਼ ਅਤੇ ਵਧੇਰੇ ਸੁਖਦ ਵਾਤਾਵਰਣ ਬਣਾਉਣਾ ਹੈ।


author

Tanu

Content Editor

Related News