ਗਡਕਰੀ ਬੋਲੇ-ਯੁੱਧ ਦੇ ਮੁਕਾਬਲੇ ਸੜਕ ਹਾਦਸਿਆਂ ’ਚ ਵਧੇਰੇ ਲੋਕਾਂ ਦੀ ਮੌਤ

03/17/2022 12:50:05 PM

ਨਵੀਂ ਦਿੱਲੀ– ਰਾਜ ਸਭਾ ਵਿਚ ਬੁੱਧਵਾਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਫਸੋਸ ਪ੍ਰਗਟਾਇਆ ਕਿ ਵੱਖ-ਵੱਖ ਉਪਾਵਾਂ ਦੇ ਬਾਅਦ ਵੀ ਭਾਰਤ ਵਿਚ ਸੜਕ ਹਾਦਸਿਆਂ ਦੀ ਗਿਣਤੀ ਵਿਚ ਉਮੀਦ ਮੁਤਾਬਕ ਕਮੀ ਨਹੀਂ ਆਈ ਹੈ ਅਤੇ ਅਜੇ ਵੀ ਅਜਿਹੇ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਗਡਕਰੀ ਨੇ ਉਚ ਸਦਨ ਵਿਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ।

ਉਨ੍ਹਾਂ ਕਿਹਾ ਕਿ ਯੁੱਧ ਅਤੇ ਕੋਵਿਡ ਮਹਾਮਾਰੀ ਦੇ ਅੰਕੜਿਆਂ ਨਾਲ ਤੁਲਨਾ ਕਰੀਏ ਤਾਂ ਸੜਕ ਹਾਦਸਿਆਂ ਵਿਚ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਇਸ ਨੂੰ ਦੁਖਦਾਈ ਦੱਸਿਆ ਅਤੇ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਦਾ ਰਿਕਾਰਡ ਵਿਸ਼ਵ ਦੇ ਕਈ ਦੇਸ਼ਾਂ ਦੀ ਉਮੀਦ ਖਰਾਬ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚ ਵੀ ਵੱਡੀ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ’ਤੇ ਕੰਟਰੋਲ ਲਈ ਕਾਫੀ ਕੰਮ ਕਰਨ ਦੀ ਲੋੜ ਹੈ ਅਤੇ ਇਸ ਵਿਚ ਸਾਰਿਆਂ ਨੂੰ ਸਹਿਯੋਗ ਕਰਨਾ ਹੋਵੇਗਾ। ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਪਹਿਲਾਂ ਡਰਾਈਵਿੰਗ ਲਾਈਸੈਂਸ ਆਸਾਨੀ ਨਾਲ ਬਣ ਜਾਂਦਾ ਸੀ ਜਦਕਿ ਕਈ ਦੇਸ਼ਾਂ ਵਿਚ ਵੱਖ-ਵੱਖ ਪ੍ਰੀਖਣਾਂ ਤੋਂ ਬਾਅਦ ਹੀ ਲਾਈਸੈਂਸ ਜਾਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਹੈ ਅਤੇ ਇਸ ਵਿਚ ਡਿਜੀਟਲ ਸਮੇਤ ਕਈ ਉਪਾਅ ਕੀਤੇ ਗਏ ਹਨ।

ਵਧ ਜਾਵੇਗੀ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ
ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ’ਤੇ ਜ਼ਿਆਦਾ ਖਰਚ ਆਉਣ ਦਾ ਜ਼ਿਕਰ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਾਹਨਾਂ ਨਾਲ ਜੁੜੀ ਤਸਵੀਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਦੋ-ਤਿੰਨ ਸਾਲਾਂ ਵਿਚ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਵਿਚ ਕਾਫੀ ਕਮੀ ਆਵੇਗੀ ਅਤੇ ਇਲੈਕਟ੍ਰਿਕ ਸਮੇਤ ਵੱਖ-ਵੱਖ ਬਦਲਵੇਂ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਕ ਪਾਸੇ ਲੋਕਾਂ ਨੂੰ ਈਂਧਨ ’ਤੇ ਹੋਣ ਵਾਲੇ ਭਾਰੀ ਖਰਚ ਤੋਂ ਰਾਹਤ ਮਿਲੇਗੀ। ਉਥੇ ਹੀ ਕੱਚੇ ਤੇਲ ਦੀ ਦਰਾਮਦ ’ਤੇ ਹੋਣ ਵਾਲੇ ਖਰਚ ਵਿਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਤੋਂ ਵੀ ਨਿਜਾਤ ਮਿਲ ਸਕੇਗਾ।


Rakesh

Content Editor

Related News