ਕੇਰਲ ਦੇ ਅਨੂਪ ਲਈ ਮੁਸੀਬਤ ਬਣਿਆ 'ਅਲਾਦੀਨ ਦਾ ਚਿਰਾਗ', 25 ਕਰੋੜ ਜਿੱਤ ਘਰ ਰਹਿਣਾ ਹੋਇਆ ਮੁਸ਼ਕਲ

09/26/2022 12:31:21 PM

ਤਿਰੂਵਨੰਤਪੁਰਮ (ਭਾਸ਼ਾ)- ਕੇਰਲ 'ਚ 25 ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਰਾਤੋ-ਰਾਤ ਅਮੀਰ ਬਣੇ ਆਟੋ ਰਿਕਸ਼ਾ ਚਾਲਕ ਅਨੂਪ ਲਈ ਇਹ ਅਲਾਦੀਨ ਦਾ ਇਹ ਚਿਰਾਗ ਹੁਣ ਗਲ਼ੇ ਲਈ ਫਾਂਸੀ ਬਣ ਗਿਆ ਹੈ। ਕੇਰਲ ਦੇ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਅਨੂਪ ਨੇ 18 ਸਤੰਬਰ ਨੂੰ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤੀ ਸੀ। ਪਹਿਲਾਂ ਉਸ ਦੀ ਮਲੇਸ਼ੀਆ ਜਾ ਕੇ ਕੁੱਕ ਵਜੋਂ ਕੰਮ ਕਰਨ ਦੀ ਯੋਜਨਾ ਸੀ। ਅਨੂਪ ਨੇ ਹਾਲ ਹੀ 'ਚ ਫੇਸਬੁੱਕ 'ਤੇ ਇਕ ਵੀਡੀਓ ਅਪਲੋਡ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣਾ ਘਰ ਛੱਡਣਾ ਪਿਆ ਕਿਉਂਕਿ ਦੂਰ-ਦੁਰਾਡੇ ਤੋਂ ਲੋਕ ਵੀ ਉਸ ਕੋਲ ਆਰਥਿਕ ਮਦਦ ਮੰਗਣ ਆ ਰਹੇ ਹਨ। ਉਸ ਨੇ ਕਿਹਾ ਕਿ ਲੋਕ ਉਸ ਦੇ ਪਿੱਛੇ ਪੈ ਗਏ ਹਨ, ਜਦੋਂ ਕਿ ਉਹ ਉਨ੍ਹਾਂ ਨੂੰ ਦੱਸ ਚੁੱਕਿਆ ਹੈ ਕਿ ਉਸ ਨੂੰ ਅਜੇ ਲਾਟਰੀ ਦੀ ਰਕਮ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ : ਆਟੋ ਡਰਾਈਵਰ ਨੇ ਜਿੱਤੀ 25 ਕਰੋੜ ਦੀ ਲਾਟਰੀ, ਇੰਝ ਬਦਲੀ ਕਿਸਮਤ

ਵੀਡੀਓ 'ਚ ਪਰੇਸ਼ਾਨ ਅਨੂਪ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ,''ਮੈਨੂੰ ਘਰ ਬਦਲਦੇ ਰਹਿਣਾ ਪਵੇਗਾ। ਮੈਂ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਅਤੇ ਉੱਥੇ ਰੁਕਿਆ ਸੀ ਪਰ ਕਿਸੇ ਤਰ੍ਹਾਂ ਲੋਕਾਂ ਨੂੰ ਉਹ ਜਗ੍ਹਾ ਵੀ ਲੱਭ ਲਈ ਅਤੇ ਉੱਥੇ ਆ ਗਏ। ਹੁਣ ਮੈਂ ਆਪਣੇ ਘਰ ਆ ਗਿਆ ਹਾਂ, ਕਿਉਂਕਿ ਮੇਰੇ ਬੱਚੇ ਦੀ ਸਿਹਤ ਠੀਕ ਨਹੀਂ ਹੈ। ਮੈਂ ਆਪਣੇ ਬੱਚੇ ਨੂੰ ਹਸਪਤਾਲ ਨਹੀਂ ਲਿਜਾ ਸਕਦਾ ਹਾਂ, ਕਿਉਂਕਿ ਲੋਕ ਆ ਕੇ ਮੇਰੇ ਤੋਂ ਮਦਦ ਮੰਗ ਰਹੇ ਹਨ। ਮੈਨੂੰ ਕੋਈ ਪੈਸਾ ਵੀ ਨਹੀਂ ਮਿਲਿਆ ਹੈ।'' ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਲਾਟਰੀ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਸਨ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਉਹ ਆਪਣੇ ਘਰ ਵੀ ਨਹੀਂ ਰਹਿ ਪਾ ਰਹੇ ਹਨ। ਅਨੂਪ ਨੇ ਕਿਹਾ ਕਿ ਉਨ੍ਹਾਂ ਦੇ ਗੁਆਂਢੀ ਵੀ ਹੁਣ ਪਰੇਸ਼ਾਨ ਹੋ ਗਏ ਹਨ, ਕਿਉਂਕਿ ਮਦਦ ਮੰਗਣ ਲਈ ਵੱਖ-ਵੱਖ ਥਾਂਵਾਂ ਤੋਂ ਆ ਰਹੇ ਲੋਕ ਨੇੜੇ-ਤੇੜੇ ਦੇ ਘਰਾਂ ਜਾਂ ਇਲਾਕਿਆਂ ਕੋਲ ਘੁੰਮ ਰਹੇ ਹਨ। ਉਸ ਨੇ ਕਿਹਾ,''ਮੈਂ ਆਪਣੇ ਬੱਚੇ ਨੂੰ ਮਿਲਣ ਵੀ ਨਹੀਂ ਆ ਸਕਦਾ। ਹੁਣ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਪਹਿਲਾ ਇਨਾਮ ਨਹੀਂ ਜਿੱਤਣਾ ਚਾਹੀਦਾ ਸੀ। ਦੂਜਾ ਜਾਂ ਤੀਜਾ ਪੁਰਸਕਾਰ ਹੀ ਕਾਫ਼ੀ ਹੁੰਦਾ।'' ਤਿਰੂਵਨੰਤਪੁਰਮ ਨੇੜੇ ਸ਼੍ਰੀਵਰਹਮ ਦੇ ਰਹਿਣ ਵਾਲੇ ਅਨੂਪ ਨੇ 17 ਸਤੰਬਰ ਨੂੰ ਜੇਤੂ ਟਿਕਟ 'ਟੀਜੇ 750605' ਖਰੀਦਿਆ ਸੀ। ਅਨੂਪ ਨੂੰ ਟੈਕਸ ਕਟੌਤੀ ਤੋਂ ਬਾਅਦ ਕਰੀਬ 15 ਕਰੋੜ ਰੁਪਏ ਮਿਲਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News