ਬੀਰਭੂਮ ਹਿੰਸਾ ਮਾਮਲਾ: ਜਾਂਚ ਰਿਪੋਰਟ ’ਚ ਹੋਇਆ ਹੈਰਾਨ ਕਰਦਾ ਖ਼ੁਲਾਸਾ
Thursday, Mar 24, 2022 - 02:48 PM (IST)
ਕੋਲਕਾਤਾ (ਭਾਸ਼ਾ)– ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਤੁਈ ਪਿੰਡ ’ਚ 3 ਔਰਤਾਂ ਅਤੇ 2 ਬੱਚਿਆਂ ਸਮੇਤ 8 ਲੋਕਾਂ ਨੂੰ ਜ਼ਿੰਦਾ ਸਾੜੇ ਜਾਣ ਤੋਂ ਪਹਿਲਾਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਜਾਂਚ ’ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਰਾਮਪੁਰਹਾਟ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਅਤੇ ਹੋਰ ਜਾਂਚ ਕਰਨ ਵਾਲੇ ਫੋਰੈਂਸਿਕ ਮਾਹਰਾਂ ਦੇ ਸ਼ੁਰੂਆਤੀ ਸਿੱਟਿਆਂ ਮੁਤਾਬਕ ਪੀੜਤਾਂ ਨੂੰ ਪਹਿਲਾਂ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਫਿਰ ਜ਼ਿੰਦਾ ਸਾੜ ਦਿੱਤਾ ਗਿਆ। ਰਾਮਪੁਰਹਾਟ ਦੇ ਬੋਗਤੁਈ ਪਿੰਡ ’ਚ ਮੰਗਲਵਾਰ ਨੂੰ ਤੜਕੇ ਕਰੀਬ ਇਕ ਦਰਜਨ ਮਕਾਨਾਂ ’ਚ ਅੱਗ ਲਾ ਦੇਣ ਨਾਲ 8 ਲੋਕਾਂ ਦੀ ਸੜ ਕੇ ਮੌਤ ਹੋ ਗਈ।
ਇਹ ਘਟਨਾ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਪੰਚਾਇਤ ਪੱਧਰ ਦੇ ਨੇਤਾ ਭਾਦੂ ਸ਼ੇਖ ਦੇ ਕਤਲ ਦੇ ਕੁਝ ਘੰਟਿਆਂ ਅੰਦਰ ਹੋਈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਦਾ ਕਤਲ ਕਰਨ ਤੋਂ ਬਾਅਦ ਰਾਮਪੁਰਹਾਟ ਸ਼ਹਿਰ ਦੇ ਬਾਹਰੀ ਇਲਾਕੇ ’ਚ ਸਥਿਤ ਬੋਗਤੁਈ ਪਿੰਡ ’ਚ ਕਰੀਬ ਇਕ ਦਰਜਨ ਮਕਾਨਾਂ ’ਤੇ ਪੈਟਰੋਲ ਬੰਬ ਨਾਲ ਹਮਲਾ ਕਰ ਕੇ ਅੱਗ ਲਾ ਦਿੱਤੀ ਗਈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਆਪਣੇ ਨੇਤਾ ਦੇ ਕਤਲ ਦੇ ਰੋਹ ਵਜੋਂ ਮਕਾਨਾਂ ’ਚ ਲਾ ਦਿੱਤੀ। ਪੁਲਸ ਨੇ ਇਸ ਸਿਲਸਿਲੇ ’ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬਾ ਸਰਕਾਰ ਨੇ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਕਈ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤੈਅ ਦੌਰੇ ਦੌਰਾਨ ਕੋਈ ਅਣਹੋਣੀ ਘਟਨਾ ਨਾ ਵਾਪਰੇ, ਇਸ ਲਈ ਰਾਮਪੁਰਹਾਟ ’ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।