ਪੇਗਾਸਸ ਜਾਂਚ ਪੈਨਲ ਨੂੰ 29 ’ਚੋਂ 5 ਫੋਨ ’ਚ ਇਕ ਤਰ੍ਹਾਂ ਦਾ ‘ਮਾਲਵੇਅਰ’ ਮਿਲਿਆ : ਸੁਪਰੀਮ ਕੋਰਟ

Friday, Aug 26, 2022 - 11:56 AM (IST)

ਨਵੀਂ ਦਿੱਲੀ– ਪੇਗਾਸਸ ਦੇ ਕਥਿਤ ਅਣਅਧਿਕਾਰਤ ਇਸਤੇਮਾਲ ਦੀ ਪੜਤਾਲ ਲਈ ਸੁਪਰੀਮ ਕੋਰਟ ਵਲੋਂ ਨਿਯੁਕਤ ਪੈਨਲ ਨੇ ਜਾਂਚ ਕੀਤੇ ਗਏ 29 ਮੋਬਾਇਲ ਫੋਨ ਵਿਚੋਂ 5 ਵਿਚ ਇਕ ਤਰ੍ਹਾਂ ਦਾ ‘ਮਾਲਵੇਅਰ’ ਪਾਇਆ ਹੈ ਪਰ ਇਹ ਨਤੀਜਾ ਨਹੀਂ ਕੱਢਿਆ ਜਾ ਸਕਿਆ ਕਿ ਇਸ ‘ਮਾਲਵੇਅਰ’ ਦਾ ਕਾਰਨ ਇਜ਼ਰਾਇਲੀ ‘ਸਪਾਈਵੇਅਰ’ ਹੈ ਜਾਂ ਨਹੀਂ।

ਕਿਸੇ ਕੰਪਿਊਟਰ ਜਾਂ ਮੋਬਾਇਲ ਫੋਨ ਤੱਕ ਅਣਅਧਿਕਾਰਤ ਪਹੁੰਚ ਹਾਸਲ ਕਰਨ, ਉਸ ਨੂੰ ਪ੍ਰਭਾਵਿਤ ਜਾਂ ਨਸ਼ਟ ਕਰਨ ਦੇ ਮਕਸਦ ਨਾਲ ਵਿਸ਼ੇਸ਼ ਰੂਪ ਨਾਲ ਬਣਾਏ ਗਏ ਸਾਫਟਵੇਅਰ ਨੂੰ ਮਾਲਵੇਅਰ ਕਿਹਾ ਜਾਂਦਾ ਹੈ। ਚੋਟੀ ਦੀ ਅਦਾਲਤ ਦੀ ਇਕ ਬੈਂਚ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰ. ਵੀ. ਰਵਿੰਦਰਨ ਵਲੋਂ ਸੌਂਪੀ ਗਈ ਰਿਪੋਰਟ ’ਤੇ ਗੌਰ ਕਰਨ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਪੈਨਲ (ਸਮਿਤੀ) ਨੇ ਇਹ ਗੱਲ ਵੀ ਕਹੀ ਹੈ ਕਿ ਕੇਂਦਰ ਨੇ ਪੇਗਾਸਸ ਮਾਮਲੇ ਦੀ ਜਾਂਚ ਵਿਚ ਸਹਿਯੋਗ ਨਹੀਂ ਕੀਤਾ।

ਮੁੱਖ ਜੱਜ ਐੱਨ. ਵੀ. ਰਮੰਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਕਿਹਾ ਕਿ ਸਮਿਤੀ ਨੇ ਇਕ ਗੱਲ ਇਹ ਕਹੀ ਹੈ ਕਿ ਭਾਰਤ ਸਰਕਾਰ ਨੇ ਸਹਿਯੋਗ ਨਹੀਂ ਕੀਤਾ। ਤੁਸੀਂ ਉਹੀ ਰੁਖ਼ ਅਪਣਾ ਰਹੇ ਹੋ, ਜੋ ਤੁਸੀਂ ਉਥੇ ਅਪਣਾਇਆ ਸੀ।

ਪੈਗਾਸਸ ਮਾਮਲੇ ’ਚ ਕਾਂਗਰਸ ਦੇਸ਼ ਤੋਂ ਮੁਆਫੀ ਮੰਗੇ : ਭਾਜਪਾ
ਭਾਜਪਾ ਨੇ ਇਜ਼ਰਾਈਲੀ ਜਾਸੂਸੀ ਸਾਫਟਵੇਅਰ ਪੈਗਾਸਸ ਨੂੰ ਲੈ ਕੇ ਸੁਪਰੀਮ ਕੋਰਟ ’ਚ ਦਾਖਲ ਮਾਹਿਰ ਗਰੁੱਪ ਦੀ ਰਿਪੋਰਟ ’ਚ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਝੂਠੇ ਪਾਏ ਜਾਣ ’ਤੇ ਵੀਰਵਾਰ ਨੂੰ ਕਾਂਗਰਸ ਨੂੰ ਕਰਾਰੇ ਹੱਥੀਂ ਲਿਆ ਅਤੇ ਦੇਸ਼ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।

ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਥੇ ਪਾਰਟੀ ਹੈੱਡਕੁਆਰਟਰ ’ਚ ਇਕ ਪ੍ਰੈੱਸ ਕਾਨਫਰੈਂਸ ’ਚ ਕਿਹਾ ਕਿ ਦੇਸ਼ਵਾਸੀਆਂ ਨੂੰ ਯਾਦ ਹੋਵੇਗਾ ਕਿ ਪੈਗਾਸਸ ਦੇ ਨਾਂ ’ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਕੀ-ਕੀ ਨਹੀਂ ਕਿਹਾ ਸੀ। ਅੱਜ ਦੇ ਘਟਨਾਕ੍ਰਮ ਤੋਂ ਸਾਬਿਤ ਹੋ ਗਿਆ ਹੈ ਕਿ ਇਹ ਸਾਰਾ ਡਰਾਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਮੁਹਿੰਮ ਦਾ ਹਿੱਸਾ ਸੀ।


Rakesh

Content Editor

Related News