ਪੇਗਾਸਸ ਮਾਮਲਾ : ਸੁਪਰੀਮ ਕੋਰਟ ਨੇ ਜਾਂਚ ਰਿਪੋਰਟ ਸੌਂਪਣ ਦੀ ਵਧਾਈ ਸਮਾਂ ਹੱਦ
Saturday, May 21, 2022 - 03:24 PM (IST)
ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਕਥਿਤ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਉਸ ਵਲੋਂ ਨਿਯੁਕਤ ਤਕਨੀਕੀ ਅਤੇ ਹੋਰ ਕਮੇਟੀਆਂ ਲਈ ਰਿਪੋਰਟ ਸੌਂਪਣ ਦੀ ਸਮਾਂ ਹੱਦ ਸ਼ੁੱਕਰਵਾਰ ਵਧਾ ਦਿੱਤੀ। ਅਦਾਲਤ ਨੇ ਕਿਹਾ ਕਿ ਇਜ਼ਰਾਈਲ ਦੇ ਸਾਫਟਵੇਅਰ ਨੂੰ ਲੈ ਕੇ 29 ਪ੍ਰਭਾਵਿਤ ਮੋਬਾਇਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਕਿਰਿਆ ਚਾਰ ਹਫਤਿਆਂ ’ਚ ਮੁਕੰਮਲ ਕਰ ਲੈਣੀ ਚਾਹੀਦੀ ਹੈ।
ਚੀਫ ਜਸਟਿਸ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਤਕਨੀਕੀ ਕਮੇਟੀ ਸਪਾਈਵੇਅਰ ਲਈ ਪ੍ਰਭਾਵਿਤ ਮੋਬਾਇਲ ਫੋਨਾਂ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਕੁਝ ਪੱਤਰਕਾਰਾਂ ਸਮੇਤ ਵੱਖ-ਵੱਖ ਵਿਅਕਤੀਆਂ ਦੇ ਬਿਆਨ ਵੀ ਰਿਕਾਰਡ ਕੀਤੇ ਹਨ। ਪ੍ਰਭਾਵਿਤ ਉਪਕਰਨਾਂ ਦੀ ਜਾਂਚ ਲਈ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਏਗਾ। ਤਕਨੀਕੀ ਕਮੇਟੀ ਦੀ ਜਾਂਚ ਇਸ ਮਹੀਨੇ ਦੇ ਅੰਤ ਤਕ ਮੁਕੰਮਲ ਕੀਤੀ ਜਾ ਸਕਦੀ ਹੈ।