ਦੇਸ਼ ''ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 61,013 ਹੋਈ

Wednesday, Apr 26, 2023 - 11:05 AM (IST)

ਦੇਸ਼ ''ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 61,013 ਹੋਈ

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 9,629 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4.49 ਕਰੋੜ ਹੋ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 63,380 ਤੋਂ ਘੱਟ ਕੇ 61,013 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਸੰਕਰਮਣ ਨਾਲ 29 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਦੇਸ਼ 'ਚ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 5,31,398 ਹੋ ਗਈ ਹੈ। ਇਨ੍ਹਾਂ 'ਚ 10 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਸੰਕਰਮਣ ਨਾਲ ਮੌਤ ਦੇ ਅੰਕੜਿਆਂ ਦਾ ਮੁੜ ਮਿਲਾਨ ਕਰਦੇ ਹੋਏ ਕੇਰਲ ਨੇ ਗਲੋਬਲ ਮਹਾਮਾਰੀ ਨਾਲ ਦਮ ਤੋੜਨ ਵਾਲੇ ਮਰੀਜ਼ਾਂ ਦੀ ਸੂਚੀ 'ਚ ਜੋੜੇ ਹਨ।

ਅੰਕੜਿਆਂ ਅਨੁਸਾਰ ਦੇਸ਼ 'ਚ ਅਜੇ 61,013 ਲੋਕਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 0.14 ਫੀਸਦੀ ਹੈ। ਉੱਥੇ ਹੀ ਰੋਜ਼ਾਨਾ ਸੰਕਰਮਣ ਦਰ 5.38 ਫੀਸਦੀ ਅਤੇ ਹਫ਼ਤਾਵਾਰ ਸੰਕਰਮਣ ਦਰ 5.61 ਫੀਸਦੀ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.68 ਫੀਸਦੀ ਹੈ। ਦੇਸ਼ 'ਚ ਹੁਣ ਤੱਕ ਕੁੱਲ 4,43,23,045 ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਕੋਰੋਨਾ ਨਾਲ ਮੌਤ ਦਰ 1.18 ਫੀਸਦੀ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਦੇਸ਼ 'ਚ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀ 220,66,50,086 ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।


author

DIsha

Content Editor

Related News