ਹਸਪਤਾਲ ''ਚ ਵੈਂਟੀਲੇਟਰ ਦਾ ਪਲੱਗ ਹਟਾ ਕੇ ਚਲਾ ਦਿੱਤਾ ਕੂਲਰ, ਮਰੀਜ਼ ਦੀ ਮੌਤ
Saturday, Jun 20, 2020 - 01:44 AM (IST)
ਕੋਟਾ - ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਰਕਾਰੀ ਹਸਪਤਾਲ 'ਚ 40 ਸਾਲਾ ਇੱਕ ਸ਼ਖਸ ਦੀ ਇਸ ਲਈ ਮੌਤ ਹੋ ਗਈ ਜਦੋਂ ਉਸ ਦੇ ਹੀ ਪਰਿਵਾਰ ਵਾਲਿਆਂ ਨੇ ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਪਲੱਗ ਕਥਿਤ ਤੌਰ 'ਤੇ ਹਟਾ ਦਿੱਤਾ।
ਦਰਅਸਲ, ਪੀ.ਟੀ.ਆਈ. ਦੀ ਇੱਕ ਰਿਪੋਰਟ ਮੁਤਾਬਕ 13 ਜੂਨ ਨੂੰ ਇੱਕ ਸ਼ਖਸ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਹੋਣ ਦੇ ਸ਼ੱਕ 'ਚ ਮਹਾਰਾਵ ਭੀਮ ਸਿੰਘ (ਐੱਮ.ਬੀ.ਐੱਸ.) ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਬਾਅਦ 'ਚ ਉਸ ਸ਼ਖਸ ਦੀ ਰਿਪੋਰਟ ਨੈਗੇਟਿਵ ਆਈ।
ਇਸ 'ਚ ਸ਼ਖਸ ਨੂੰ 15 ਜੂਨ ਨੂੰ ਵੱਖਰੇ ਵਾਰਡ 'ਚ ਸ਼ਿਫਟ ਕਰ ਦਿੱਤਾ। ਵੱਖਰੇ ਵਾਰਡ 'ਚ ਬਹੁਤ ਗਰਮੀ ਸੀ ਇਸ ਲਈ ਸ਼ਖਸ ਦੇ ਹੀ ਪਰਿਵਾਰਕ ਮੈਂਬਰਾਂ ਨੇ ਉੱਥੇ ਕੂਲਰ ਲਗਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੂਲਰ ਲਗਾਉਣ ਲਈ ਕੋਈ ਸਾਕਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਵੈਂਟੀਲੇਟਰ ਦਾ ਹੀ ਪਲੱਗ ਹਟਾ ਦਿੱਤਾ।
ਕਰੀਬ ਅੱਧੇ ਘੰਟੇ ਬਾਅਦ ਵੈਂਟੀਲੇਟਰ ਦੀ ਬਿਜਲੀ ਖਤਮ ਹੋ ਗਈ। ਇਸ ਬਾਰੇ ਡਾਕਟਰਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਮਰੀਜ਼ ‘ਤੇ ਸੀਪੀਆਰ ਦੀ ਕੋਸ਼ਿਸ਼ ਕੀਤੀ ਪਰ ਸ਼ਖਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਭਾਜੜ ਮੱਚ ਗਈ। ਹਸਪਤਾਲ ਦੇ ਪ੍ਰਧਾਨ ਡਾ. ਨਵੀਨ ਸਕਸੇਨਾ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਘਟਨਾ ਦੀ ਜਾਂਚ ਕਰੇਗੀ ਜਿਸ 'ਚ ਹਸਪਤਾਲ ਦੇ ਡਿਪਟੀ ਸੁਪਰਡੈਂਟ, ਨਰਸਿੰਗ ਸੁਪਰਡੈਂਟ ਅਤੇ ਚੀਫ ਮੈਡੀਕਲ ਅਫਸਰ ਸ਼ਾਮਲ ਹਨ। ਕਮੇਟੀ ਸ਼ਨੀਵਾਰ ਨੂੰ ਆਪਣੀ ਰਿਪੋਰਟ ਦੇਵੇਗੀ।