'ਬੇਸ਼ਰਮ ਰੰਗ' 'ਤੇ ਵਧਿਆ ਵਿਵਾਦ, ਭਾਜਪਾ ਮੰਤਰੀ ਨੇ ਸ਼ਾਹਰੁਖ ਦੀ ਧੀ ਸੁਹਾਨਾ ਨੂੰ ਲੈ ਕੇ ਆਖ ਦਿੱਤੀ ਇਹ ਗੱਲ
Sunday, Dec 18, 2022 - 03:20 PM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਅਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਠਾਨ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਫ਼ਿਲਮ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਸੀ, ਜਿਸ ਨੇ ਦੇਸ਼ ਭਰ 'ਚ ਹੰਗਾਮਾ ਮਚਾ ਦਿੱਤਾ। ਗੀਤ 'ਚ ਦੀਪਿਕਾ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਤੇ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਉਹ ਮੰਗ ਕਰ ਰਹੇ ਹਨ ਕਿ ਪਹਿਲਾਂ ਇਸ ਗੀਤ ਤੋਂ ਉਸ ਸੀਨ ਨੂੰ ਹਟਾਇਆ ਜਾਵੇ ਅਤੇ ਫਿਰ ਇਸ ਨੂੰ ਰਿਲੀਜ਼ ਕੀਤਾ ਜਾਵੇ।
ਰੁਕਣ ਦਾ ਨਾਂ ਨਹੀਂ ਲੈ ਰਿਹਾ ਵਿਵਾਦ
ਸ਼ਾਹਰੁਖ-ਦੀਪਿਕਾ ਦੇ 'ਬੇਸ਼ਰਮ ਰੰਗ' ਦੇ ਵਿਵਾਦ ਦਾ ਸੇਕ ਮੱਧ ਪ੍ਰਦੇਸ਼ ਤੱਕ ਵੀ ਪਹੁੰਚ ਗਿਆ ਹੈ। ਸਿਨੇਮਾਘਰਾਂ 'ਚ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਵਧਦੀ ਮੰਗ ਦੇ ਵਿਚਕਾਰ ਸੋਮਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਆਗਾਮੀ ਸਰਦ ਰੁੱਤ ਸੈਸ਼ਨ 'ਚ ਇਹ ਮੁੱਦਾ ਚਰਚਾ ਲਈ ਆਉਣ ਦੀ ਸੰਭਾਵਨਾ ਹੈ।
ਵਿਵਾਦ ਐਮ. ਪੀ. ਅਸੈਂਬਲੀ ਤਕ ਸਕਦਾ ਹੈ ਪਹੁੰਚ
'ਪਠਾਨ' ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਫ਼ਿਲਮ 'ਬੇਸ਼ਰਮ ਰੰਗ' ਦੇ ਇਕ ਗੀਤ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਿਸ਼ਰਾ ਨੇ ਕਿਹਾ ਕਿ ਗੀਤ 'ਚ ਜਿਸ ਤਰ੍ਹਾਂ ਭਗਵੇਂ ਅਤੇ ਹਰੇ ਰੰਗ ਦੀ ਵਰਤੋਂ ਕੀਤੀ ਗਈ ਹੈ, ਉਹ ਇਤਰਾਜ਼ਯੋਗ ਹੈ।
ਭਾਜਪਾ ਮੰਤਰੀ ਨੇ ਦਿੱਤੀ ਖੁੱਲ੍ਹੀ ਚੁਣੌਤੀ
ਵਿਧਾਨ ਸਭਾ ਦੇ ਸਪੀਕਰ ਗਿਰੀਸ਼ ਗੌਤਮ ਨੇ ਇਕ ਕਦਮ ਅੱਗੇ ਜਾ ਕੇ ਸ਼ਾਹਰੁਖ ਖ਼ਾਨ ਨੂੰ ਪੁੱਛਿਆ ਕਿ ਕੀ ਉਹ ਆਪਣੀ ਧੀ ਨਾਲ ਫ਼ਿਲਮ 'ਪਠਾਨ' ਦੇਖਣ ਦੀ ਹਿੰਮਤ ਕਰਨਗੇ। ਗੌਤਮ ਨੇ ਸ਼ਨੀਵਾਰ ਨੂੰ ਕਿਹਾ, "ਕੀ ਉਹ (ਸ਼ਾਹਰੁਖ) ਆਪਣੀ ਧੀ ਨਾਲ ਫ਼ਿਲਮ ਦੇਖਣ ਦੀ ਹਿੰਮਤ ਕਰੇਗਾ? ਮੈਂ ਸ਼ਾਹਰੁਖ ਨੂੰ ਕਹਿ ਰਿਹਾ ਹਾਂ, ਤੁਹਾਡੀ ਧੀ 23-24 ਸਾਲ ਦੀ ਹੈ, ਉਸ ਨਾਲ ਆਪਣੀ ਫ਼ਿਲਮ ਦੇਖੋ।" ਸੋਮਵਾਰ ਤੋਂ ਸ਼ੁਰੂ ਹੋ ਰਹੇ ਪੰਜ ਦਿਨਾਂ ਸਰਦ ਰੁੱਤ ਸੈਸ਼ਨ ਦੇ ਨਾਲ ਹੀ ਭਾਜਪਾ ਵੱਲੋਂ ਸਦਨ ਦੇ ਫਲੋਰ 'ਤੇ ਇਹ ਮੁੱਦਾ ਉਠਾਏ ਜਾਣ ਦੀ ਸੰਭਾਵਨਾ ਹੈ। ਭਾਜਪਾ ਅਤੇ ਹੋਰ ਸੰਗਠਨਾਂ ਤੋਂ ਇਲਾਵਾ ਕਾਂਗਰਸ ਦੇ ਕੁਝ ਮੈਂਬਰਾਂ ਅਤੇ ਕਈ ਮੁਸਲਿਮ ਸੰਗਠਨਾਂ ਨੇ ਵੀ 'ਪਠਾਨ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਕੁਝ ਹੋਰ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਫ਼ਿਲਮ ਦਾ ਬਾਈਕਾਟ ਕਰਨਾ ਸਹੀ ਕਦਮ ਨਹੀਂ ਹੋਵੇਗਾ।
ਸੈਂਸਰ ਬੋਰਡ ਦਾ ਕੰਮ
ਕਾਂਗਰਸ ਦੇ ਰਾਜ ਸਭਾ ਸਾਂਸਦ ਵਿਵੇਕ ਟਾਂਖਾ ਨੇ ਫ਼ਿਲਮ ਦੇ ਸਮਰਥਨ 'ਚ ਆ ਕੇ ਕਿਹਾ ਹੈ ਕਿ ਉਹ ਕਿਸੇ ਵੀ ਚੀਜ਼ ਦਾ ਬਾਈਕਾਟ ਕਰਨ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਇਹ ਇਕ ਸਮਾਜ ਵਿਰੋਧੀ ਤਰੀਕਾ ਹੈ। ਉਸ ਨੇ ਕਿਹਾ, 'ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਫਿਲਮ ਪਸੰਦ ਹੈ ਜਾਂ ਨਹੀਂ, ਇਹ ਸੈਂਸਰ ਬੋਰਡ ਨੇ ਤੈਅ ਕਰਨਾ ਹੈ ਕਿ ਫ਼ਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ। ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਸੈਂਸਰ ਬੋਰਡ ਦੇ ਧਿਆਨ 'ਚ ਲਿਆਵੇ। ਸੈਂਸਰ ਬੋਰਡ ਦੇਖੇਗਾ ਜੇਕਰ ਕੋਈ ਇਤਰਾਜ਼ਯੋਗ ਸੀਨ ਹੈ ਤਾਂ ਉਸ ਨੂੰ ਹਟਾਉਣ ਦੀ ਅਪੀਲ ਕਰੇਗਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।