ਨਮੋ ਭਾਰਤ ਟਰੇਨ ’ਚ ਸਫਰ ਹੋਵੇਗਾ ਸਸਤਾ, ਨਵੇਂ ਪ੍ਰੋਗਰਾਮ ਅਧੀਨ ਟਿਕਟ ਖਰੀਦਣ ’ਤੇ ਮਿਲੇਗੀ 10 ਫੀਸਦੀ ਛੋਟ
Saturday, Dec 21, 2024 - 10:34 PM (IST)
ਨਵੀਂ ਦਿੱਲੀ, (ਭਾਸ਼ਾ)- ਨੈਸ਼ਨਲ ਕੈਪੀਟਲ ਰੀਜਨ ਟਰਾਂਸਪੋਰਟ ਕਾਰਪੋਰੇਸ਼ਨ (ਐੱਨ. ਸੀ. ਆਰ. ਟੀ. ਸੀ.) ਵੱਲੋਂ ਸ਼ੁਰੂ ਕੀਤੇ ਗਏ ‘ਲਾਇਲਟੀ ਪੁਆਇੰਟਸ ਪ੍ਰੋਗਰਾਮ’ ਅਧੀਨ ਨਮੋ ਭਾਰਤ ਟਰੇਨ ’ਚ ਮੁਸਾਫਰਾਂ ਨੂੰ 'ਆਰ. ਟੀ. ਐੱਸ ਕਨੈਕਟ ਐਪ ਰਾਹੀਂ ਟਿਕਟਾਂ ਖਰੀਦਣ ’ਤੇ 10 ਫੀਸਦੀ ਦੀ ਛੋਟ ਮਿਲੇਗੀ।
ਐੱਨ. ਸੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਸ਼ਲਭ ਗੋਇਲ ਨੇ ਸ਼ਨੀਵਾਰ ਸਾਹਿਬਾਬਾਦ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਸਟੇਸ਼ਨ ’ਤੇ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਤੇ ਦੋ-ਮਾਸਿਕ ਮੁਸਾਫਰ ਨਿਊਜ਼ ਮੈਗਜ਼ੀਨ ‘ਨਮੋ ਭਾਰਤ ਟਾਈਮਜ਼’ ਦੇ ਪਹਿਲੇ ਐਡੀਸ਼ਨ ਦਾ ਸ਼ੁੱਭ ਆਰੰਭ ਵੀ ਕੀਤਾ।
ਲਾਇਲਟੀ ਪੁਆਇੰਟਸ ਪਹਿਲਕਦਮੀ ਅਧੀਨ ਮੁਸਾਫਰਰਾਂ ਨੂੰ ਨਮੋ ਭਾਰਤ ਰੇਲ ਟਿਕਟਾਂ ’ਤੇ ਖਰਚੇ ਜਾਣ ਵਾਲੇ ਹਰ ਰੁਪਏ ਲਈ ਇਕ ਪੁਆਇੰਟ ਮਿਲੇਗਾ। ਬਿਆਨ ਚ ਕਿਹਾ ਗਿਆ ਹੈ ਕਿ ਹਰੇਕ ਪੁਆਇੰਟ ਦੀ ਕੀਮਤ 10 ਪੈਸੇ ਹੋਵੇਗੀ। ਇਹ ਮੁਸਾਫਰਾਂ ਦੇ ਖਾਤੇ ’ਚ ਕ੍ਰੈਡਿਟ ਕੀਤੀ ਜਾਵੇਗੀ।
ਟਿਕਟਾਂ ਖਰੀਦਣ ਵੇਲੇ ਪੁਆਇੰਟਾਂ ਦੀ ਕੀਤੀ ਜਾ ਸਕਦੀ ਹੈ ਵਰਤੋਂ
ਬਿਆਨ ’ਚ ਕਿਹਾ ਗਿਆ ਹੈ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਮੁਸਾਫਰ ਾਂ ਨੂੰ ਆਰਥਿਕ ਲਾਭ ਮਿਲੇਗਾ ਸਗੋਂ ਆਰ. ਆਰ. ਟੀ. ਐੱਸ. ਕਨੈਕਟ ਐਪ ਰਾਹੀਂ ਡਿਜੀਟਲ ਕਿਊ ਆਰ ਟਿਕਟਾਂ ਦੀ ਵਰਤੋਂ ਨੂੰ ਵੀ ਉਤਸ਼ਾਹ ਮਿਲੇਗਾ। ਇਸ ਨਾਲ ਕਾਗਜ਼ ਰਹਿਤ ਟਿਕਟਿੰਗ ਰਾਹੀਂ ਸਫਰ ਨੂੰ ਸੌਖਾ ਬਣਾਇਆ ਜਾਵੇਗਾ। ਟਿਕਟਾਂ ਖਰੀਦਣ ਵੇਲੇ ਪੁਆਇੰਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ’ਚ ਕਿਹਾ ਗਿਆ ਕਿ ਐਪ ਨੂੰ ਡਾਊਨਲੋਡ ਕਰਨ ’ਤੇ ਹਰ ਨਵੇਂ ਯੂਜ਼ਰ ਨੂੰ 50 ਰੁਪਏ ਮਿਲਣਗੇ, ਜੋ 500 ਲਾਇਲਟੀ ਪੁਆਇੰਟਾਂ ਦੇ ਬਰਾਬਰ ਹੈ।