ਖੱਜਲ ਖੁਆਰ ਹੋਣ ਵਾਲੇ ਮੁਸਾਫ਼ਰਾਂ ਨੂੰ 10 ਹਜ਼ਾਰ ਮੁਆਵਜ਼ਾ ਤੇ 10 ਹਜ਼ਾਰ ਦੇ ਵਾਊਚਰ! ਏਅਰਲਾਈਨ ਨੇ ਕਰ''ਤਾ ਐਲਾਨ
Thursday, Dec 11, 2025 - 03:16 PM (IST)
ਵੈੱਬ ਡੈਸਕ : ਇੰਡੀਗੋ ਏਅਰਲਾਈਨਜ਼ ਨੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ । ਕੰਪਨੀ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ 5,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ । ਇਹ ਮੁਆਵਜ਼ਾ DGCA (ਨਾਗਰਿਕ ਉਡੱਯਨ ਮਹਾਨਿਦੇਸ਼ਾਲਾ) ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਤਾ ਜਾਵੇਗਾ ।
ਮੁਆਵਜ਼ਾ ਤੇ ਵਾਊਚਰ ਦਾ ਵੇਰਵਾ
ਦੱਸਣਯੋਗ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ, ਖਾਸ ਤੌਰ 'ਤੇ 3, 4 ਅਤੇ 5 ਦਸੰਬਰ ਨੂੰ, ਸੈਂਕੜੇ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਤੋਂ ਬਾਅਦ ਏਅਰਲਾਈਨ ਖਿਲਾਫ ਡੀ.ਜੀ.ਸੀ.ਏ. ਨੇ ਸਖ਼ਤ ਕਦਮ ਚੁੱਕੇ ਸਨ ।
ਵਿੱਤੀ ਮੁਆਵਜ਼ਾ: ਕੰਪਨੀ ਨੇ ਸਪੱਸ਼ਟ ਕੀਤਾ ਕਿ ਮੁਆਵਜ਼ੇ ਦੀ ਰਕਮ ਫਲਾਈਟ ਦੀ ਦੂਰੀ, ਟਿਕਟ ਦੀ ਸ਼੍ਰੇਣੀ ਅਤੇ ਯਾਤਰੀ ਨੂੰ ਹੋਈ ਅਸੁਵਿਧਾ ਦੇ ਆਧਾਰ 'ਤੇ ਦਿੱਤੀ ਜਾਵੇਗੀ । ਇਸ ਦਾ ਉਦੇਸ਼ ਯਾਤਰੀਆਂ ਦੇ ਆਰਥਿਕ ਨੁਕਸਾਨ ਨੂੰ ਘਟਾਉਣਾ ਹੈ।
ਵਾਧੂ ਟ੍ਰੈਵਲ ਵਾਊਚਰ: ਇਸ ਤੋਂ ਇਲਾਵਾ, ਏਅਰਲਾਈਨ ਨੇ ਸਭ ਤੋਂ ਵੱਧ ਪ੍ਰਭਾਵਿਤ ਯਾਤਰੀਆਂ ਲਈ 10,000 ਰੁਪਏ ਤੱਕ ਦੇ ਵਧੀਕ ਟ੍ਰੈਵਲ ਵਾਊਚਰ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਵਾਊਚਰ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਯਾਤਰਾ ਯੋਜਨਾ ਅਚਾਨਕ ਬਦਲ ਗਈ।
ਕੌਣ ਹੋਵੇਗਾ ਵਾਊਚਰ ਦਾ ਹੱਕਦਾਰ?
ਇੰਡੀਗੋ ਨੇ ਦੱਸਿਆ ਕਿ 10,000 ਰੁਪਏ ਦਾ ਟ੍ਰੈਵਲ ਵਾਊਚਰ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਯਾਤਰਾਵਾਂ ਇੱਕ ਤੋਂ ਵੱਧ ਵਾਰ ਬਦਲੀਆਂ (ਰੀਸ਼ਡਿਊਲ ਹੋਈਆਂ), ਜਾਂ ਜਿਨ੍ਹਾਂ ਨੂੰ ਏਅਰਪੋਰਟ 'ਤੇ ਲੰਬਾ ਇੰਤਜ਼ਾਰ ਕਰਨਾ ਪਿਆ। ਇਸ ਟ੍ਰੈਵਲ ਵਾਊਚਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਅਗਲੇ 12 ਮਹੀਨਿਆਂ ਤੱਕ ਕਿਸੇ ਵੀ ਸਮੇਂ ਵਰਤਿਆ ਜਾ ਸਕਦਾ ਹੈ। ਯਾਤਰੀ ਇਨ੍ਹਾਂ ਵਾਊਚਰਾਂ ਦੀ ਵਰਤੋਂ ਭਾਰਤ ਵਿੱਚ ਇੰਡੀਗੋ ਦੀ ਕਿਸੇ ਵੀ ਘਰੇਲੂ ਉਡਾਣ ਜਾਂ ਅੰਤਰਰਾਸ਼ਟਰੀ ਰੂਟ ਲਈ ਕਰ ਸਕਦੇ ਹਨ।
ਇੰਡੀਗੋ ਨੇ ਉਡਾਣਾਂ ਰੱਦ ਹੋਣ ਕਾਰਨ ਹੋਈ ਪਰੇਸ਼ਾਨੀ ਲਈ ਖੇਦ ਪ੍ਰਗਟ ਕੀਤਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੁਆਵਜ਼ਾ ਅਤੇ ਵਾਊਚਰ ਕਲੇਮ ਕਰਨ ਦੀ ਪ੍ਰਕਿਰਿਆ ਲਈ ਆਪਣੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰਾਂ 'ਤੇ ਭੇਜੇ ਗਏ ਸੰਦੇਸ਼ਾਂ ਦੀ ਜਾਂਚ ਕਰਨ।
