ਦੇਸ਼ ਭਰ ''ਚ ਨਹੀਂ ਮਿਲ ਰਹੇ 10, 20 ਤੇ 50 ਦੇ ਨੋਟ ! ਵਪਾਰੀਆਂ ਲਈ ਬਣੀ ''ਸਿਰਦਰਦੀ''
Monday, Dec 15, 2025 - 05:54 PM (IST)
ਨੈਸ਼ਨਲ ਡੈਸਕ : ਅਖਿਲ ਭਾਰਤੀ ਰਿਜ਼ਰਵ ਬੈਂਕ ਕਰਮਚਾਰੀ ਸੰਘ (AIRBEA) ਨੇ ਦੇਸ਼ ਭਰ ਵਿੱਚ ਛੋਟੇ ਮੁੱਲ ਵਾਲੇ ਨੋਟਾਂ ਦੀ 'ਗੰਭੀਰ ਕਿੱਲਤ' 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸੰਘ ਨੇ ਕਿਹਾ ਹੈ ਕਿ ਇਸ ਕਿੱਲਤ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।
ਏ.ਆਈ.ਆਰ.ਬੀ.ਈ.ਏ. ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਲਿਖੇ ਇੱਕ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ 10, 20 ਅਤੇ 50 ਰੁਪਏ ਦੇ ਨੋਟਾਂ ਦੀ ਉਪਲਬਧਤਾ ਦੇਸ਼ ਦੇ ਕਈ ਹਿੱਸਿਆਂ ਖਾਸ ਕਰ ਕੇ ਕਸਬਿਆਂ ਅਤੇ ਪੇਂਡੂ ਇਲਾਕਿਆਂ ਵਿੱਚ ਲਗਭਗ ਨਾ-ਮਾਤਰ ਹੈ। ਹਾਲਾਂਕਿ ਇਨ੍ਹਾਂ ਇਲਾਕਿਆਂ ਵਿੱਚ 100, 200 ਅਤੇ 500 ਰੁਪਏ ਦੇ ਨੋਟ ਆਸਾਨੀ ਨਾਲ ਮਿਲ ਰਹੇ ਹਨ।
ਕਰਮਚਾਰੀ ਸੰਘ ਨੇ ਆਰ.ਬੀ.ਆਈ. ਦੇ ਮੁਦਰਾ ਪ੍ਰਬੰਧਨ ਵਿਭਾਗ ਦੇ ਇੰਚਾਰਜ ਡਿਪਟੀ ਗਵਰਨਰ ਟੀ. ਰਬੀ ਸ਼ੰਕਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਏ.ਟੀ.ਐੱਮ. ਤੋਂ ਨਿਕਲਣ ਵਾਲੇ ਜ਼ਿਆਦਾਤਰ ਨੋਟ ਉੱਚ ਮੁੱਲ ਦੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਬੈਂਕਾਂ ਦੀਆਂ ਸ਼ਾਖਾਵਾਂ ਵੀ ਗਾਹਕਾਂ ਨੂੰ ਛੋਟੇ ਮੁੱਲ ਦੇ ਨੋਟ ਉਪਲਬਧ ਨਹੀਂ ਕਰਵਾ ਪਾ ਰਹੀਆਂ ਹਨ।
ਏ.ਆਈ.ਆਰ.ਬੀ.ਈ.ਏ. ਅਨੁਸਾਰ ਅਜਿਹੀ ਸਥਿਤੀ ਵਿੱਚ ਲੋਕਾਂ ਲਈ ਸਥਾਨਕ ਆਵਾਜਾਈ, ਕਰਿਆਨੇ ਦੀ ਖਰੀਦ ਅਤੇ ਹੋਰ ਰੋਜ਼ਾਨਾ ਲੋੜਾਂ ਲਈ ਨਕਦ ਵਿੱਚ ਲੈਣ-ਦੇਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਸੰਘ ਨੇ ਇਹ ਵੀ ਕਿਹਾ ਕਿ ਭਾਵੇਂ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਇਹ ਰੋਜ਼ਮਰ੍ਹਾ ਦੀਆਂ ਲੋੜਾਂ ਲਈ ਨਕਦ 'ਤੇ ਨਿਰਭਰ ਵੱਡੀ ਆਬਾਦੀ ਦਾ ਪੂਰੀ ਤਰ੍ਹਾਂ ਵਿਕਲਪ ਨਹੀਂ ਬਣ ਸਕਦਾ ਹੈ।
ਕਰਮਚਾਰੀ ਸੰਘ ਨੇ ਇਸ ਮਾਮਲੇ ਵਿੱਚ ਕੇਂਦਰੀ ਬੈਂਕ ਤੋਂ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਵਪਾਰਕ ਬੈਂਕਾਂ ਅਤੇ ਆਰ.ਬੀ.ਆਈ. ਕਾਊਂਟਰਾਂ ਰਾਹੀਂ ਛੋਟੇ ਮੁੱਲ ਦੇ ਨੋਟਾਂ ਦਾ ਢੁਕਵਾਂ ਪ੍ਰਸਾਰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ, ਏ.ਆਈ.ਆਰ.ਬੀ.ਈ.ਏ. ਨੇ 'ਕੁਆਇਨ ਮੇਲਾ' ਦੁਬਾਰਾ ਸ਼ੁਰੂ ਕਰਨ ਦੀ ਸਲਾਹ ਵੀ ਦਿੱਤੀ ਹੈ ਤਾਂ ਜੋ ਸਿੱਕਿਆਂ ਦਾ ਵਿਆਪਕ ਪ੍ਰਚਲਨ ਹੋ ਸਕੇ। ਇਸ ਸਿੱਕਾ ਮੇਲੇ ਨੂੰ ਪੰਚਾਇਤਾਂ, ਸਹਿਕਾਰੀ ਸੰਸਥਾਵਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਮਿਲ ਕੇ ਆਯੋਜਿਤ ਕੀਤਾ ਜਾ ਸਕਦਾ ਹੈ।
