BSF ’ਚ ਕਾਂਸਟੇਬਲ ਅਹੁਦੇ ਲਈ ਸਾਬਕਾ ਅਗਨੀਵੀਰਾਂ ਦਾ ਕੋਟਾ ਹੁਣ 50 ਫੀਸਦੀ
Sunday, Dec 21, 2025 - 01:29 AM (IST)
ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲਾ ਨੇ ਬੀ. ਐੱਸ. ਐੱਫ. ’ਚ ਕਾਂਸਟੇਬਲਾਂ ਦੀ ਭਰਤੀ ਲਈ ਸਾਬਕਾ ਅਗਨੀਵੀਰਾਂ ਦਾ ਕੋਟਾ 10 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਹੈ। ਇਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ ਬੀ. ਐੱਸ. ਐੱਫ., ਜਨਰਲ ਡਿਊਟੀ ਕੇਡਰ (ਨਾਨ-ਗਜ਼ਟਿਡ) ਭਰਤੀ ਨਿਯਮ 2015 ’ਚ ਸੋਧ ਰਾਹੀਂ ਕੀਤਾ ਗਿਆ ਹੈ।
ਸਾਬਕਾ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਉੱਪਰਲੀ ਉਮਰ-ਹੱਦ ’ਚ 5 ਸਾਲ ਤਕ ਦੀ, ਜਦੋਂਕਿ ਬਾਕੀ ਸਾਬਕਾ ਅਗਨੀਵੀਰਾਂ ਨੂੰ 3 ਸਾਲ ਦੀ ਛੋਟ ਮਿਲੇਗੀ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਅਗਨੀਵੀਰਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਤੇ ਫਿਜ਼ੀਕਲ ਪ੍ਰੋਫੀਸ਼ੈਂਸੀ ਟੈਸਟ ਤੋਂ ਵੀ ਛੋਟ ਦਿੱਤੀ ਜਾਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਸਿੱਧੀ ਭਰਤੀ (50 ਫੀਸਦੀ ਕੋਟਾ ਸਮੇਤ) ਰਾਹੀਂ ਹਰੇਕ ਭਰਤੀ ਸਾਲ ’ਚ ਸਾਬਕਾ ਅਗਨੀਵੀਰਾਂ ਲਈ ਅਸਾਮੀਆਂ ਰਾਖਵੀਆਂ ਹੋਣਗੀਆਂ।
