ਚੇਨਈ ਹਵਾਈ ਅੱਡੇ ''ਤੇ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹਣ ਵਾਲਾ ਯਾਤਰੀ ਗ੍ਰਿਫ਼ਤਾਰ
Sunday, May 03, 2026 - 12:45 PM (IST)
ਚੇਨਈ (ਏਜੰਸੀ)- ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 'ਟੈਕਸੀਵੇਅ' 'ਤੇ ਚੱਲ ਰਹੇ ਇੱਕ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਇੱਕ ਯਾਤਰੀ ਵੱਲੋਂ ਥੋੜ੍ਹੀ ਦੇਰ ਲਈ ਖੋਲ੍ਹੇ ਜਾਣ ਕਾਰਨ ਕੁੱਝ ਦੇਰ ਲਈ ਹਫੜਾ-ਦਫੜੀ ਮਚ ਗਈ। ਏਅਰ ਅਰੇਬੀਆ ਦੀ ਇੱਕ ਉਡਾਣ 231 ਯਾਤਰੀਆਂ ਨੂੰ ਲੈ ਕੇ ਐਤਵਾਰ ਸਵੇਰੇ ਸ਼ਾਰਜਾਹ ਤੋਂ ਚੇਨਈ ਪਹੁੰਚੀ ਸੀ। ਜਦੋਂ ਜਹਾਜ਼ ਟੈਕਸੀਵੇਅ ਯਾਨੀ ਰਨਵੇ ਅਤੇ ਟਰਮੀਨਲ ਨੂੰ ਜੋੜਨ ਵਾਲੇ ਨਿਰਧਾਰਤ ਰੂਟ 'ਤੇ ਅੱਗੇ ਵੱਧ ਰਿਹਾ ਸੀ, ਉਦੋਂ ਉਸ ਵਿਚ ਸਵਾਰ ਪੁਡੁਕੋਟਾਈ ਦੇ ਇੱਕ 34 ਸਾਲਾ ਵਿਅਕਤੀ ਨੇ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹ ਦਿੱਤਾ।
ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਬੰਬ ਨਿਰੋਧਕ ਮਾਹਰਾਂ ਅਤੇ ਹਥਿਆਰਬੰਦ ਅਧਿਕਾਰੀਆਂ ਸਮੇਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਕਰਮਚਾਰੀ ਤੁਰੰਤ ਉਸ ਸਥਾਨ 'ਤੇ ਪਹੁੰਚੇ, ਜਿੱਥੇ ਜਹਾਜ਼ ਰੁਕਿਆ ਸੀ। ਪਾਇਲਟ ਨੇ ਤੁਰੰਤ ਘਟਨਾ ਸੰਬੰਧੀ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਸੁਰੱਖਿਆ ਕਰਮਚਾਰੀ ਜਹਾਜ਼ ਵਿੱਚ ਸਵਾਰ ਹੋਏ ਅਤੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਯਾਤਰੀ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਸਦੀ ਮਾਨਸਿਕ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ।
