ਮੌਸਮ ਨੇ ਫਿਰ ਬਦਲਿਆ ਮਿਜ਼ਾਜ, ਦਿੱਲੀ ਸਮੇਤ ਉੱਤਰ-ਭਾਰਤ ਦੇ ਕਈ ਇਲਾਕਿਆਂ 'ਚ ਬਾਰਿਸ਼

03/06/2020 9:04:16 AM

ਨਵੀਂ ਦਿੱਲੀ—ਮੌਸਮ ਨੇ ਇਕ ਵਾਰ ਫਿਰ ਤੋਂ ਮਿਜ਼ਾਜ ਬਦਲ ਲਿਆ ਹੈ। ਅਚਾਨਕ ਬਦਲੇ ਮੌਸਮ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ ਅਤੇ ਫਿਰ ਤੋਂ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ-ਐੱਨ.ਸੀ.ਆਰ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਵੀਰਵਾਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਅੱਜ ਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਬਾਰਿਸ਼ ਕਾਰਨ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਹਵਾ ਦੀ ਗਤੀ ਵੀ 50 ਕਿ.ਮੀ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ 'ਚ ਹਲਕੀ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਇਆ ਹੈ। ਐਤਵਾਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਪੱਛਮੀ ਗੜਬੜੀ ਦਾ ਅਸਰ ਦਿੱਲੀ-ਐੱਨ.ਸੀ.ਆਰ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਦੇਖਣ ਨੂੰ ਮਿਲਿਆ ਹੈ। ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋਣ ਨਾਲ ਗੜ੍ਹੇ ਵੀ ਪਏ। ਮੌਸਮ ਵਿਭਾਗ ਦੇ ਮੁੁਤਾਬਕ ਹਿਮਾਚਲ, ਉਤਰਾਂਖੰਡ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਬਰਫਬਾਰੀ ਹੋਈ, ਜਿਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ 'ਤੇ ਪਿਆ ਹੈ। 

ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 14.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਗੰਜ 'ਚ 4.2 ਐੱਮ.ਐੱਮ. ਬਾਰਿਸ਼ ਹੋਈ। ਇਸ ਦੇ ਨਾਲ ਹੀ ਪਾਲਮ 'ਚ 5.6 ਐੱਮ.ਐੱਮ, ਲੋਦੀਰੋਡ 'ਚ 3.6 ਐੱਮ.ਐੱਮ, ਰਿਜ 'ਚ 7.7  ਐੱਮ. ਐੱਮ. ਅਤੇ ਆਇਆ ਨਗਰ 'ਚ 3 ਐੱਮ.ਐੱਮ. ਬਾਰਿਸ਼ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਤੇਜ਼ ਬਾਰਿਸ਼ ਜਦਕਿ 7 ਮਾਰਚ ਭਾਵ ਸ਼ਨੀਵਾਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਸੀ। ਮੌਸਮ ਵਿਗਿਆਨਿਕਾਂ ਦੇ ਮੁਤਾਬਕ ਇਸ ਤੋਂ ਦੋ ਦਿਨਾਂ ਬਾਅਦ 10 ਅਤੇ 11 ਮਾਰਚ ਨੂੰ ਫਿਰ ਤੋਂ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਰਿਜਨਲ ਵੈਦਰ ਫੋਰਕਾਸਟਿੰਗ ਸੈਂਟਰ ਦੇ ਡਿਪਟੀ ਡੀ.ਜੀ. ਡਾਕਟਰ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ 10 ਮਾਰਚ ਨੂੰ ਹਲਕੀ ਬਾਰਿਸ਼ ਹੋਵੇਗੀ ਅਤੇ 11 ਮਾਰਚ ਨੂੰ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


Iqbalkaur

Content Editor

Related News