ਸੰਸਦੀ ਕਮੇਟੀ ਨੇ ਟਵਿੱਟਰ ਨੂੰ 18 ਜੂਨ ਨੂੰ ਕੀਤਾ ਤਲਬ, ਇਨ੍ਹਾਂ ਮੁੱਦਿਆਂ ''ਤੇ ਹੋਵੇਗੀ ਚਰਚਾ
Tuesday, Jun 15, 2021 - 07:20 PM (IST)
ਨਵੀਂ ਦਿੱਲੀ- ਕੇਂਦਰ ਵਲੋਂ ਟਵਿੱਟਰ ਨੂੰ ਨੋਟਿਸ ਜਾਰੀ ਕਰਨ ਦੇ ਕੁਝ ਦਿਨਾਂ ਬਾਅਦ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਇਕ ਸੰਸਦੀ ਕਮੇਟੀ ਨੇ ਮਾਈਕ੍ਰੋ ਬਲਾਗਿੰਗ ਸਾਈਟ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਬਿਆਨ ਦਰਜ ਕਰਵਾਉਣ ਅਤੇ ਸੋਸ਼ਲ ਮੀਡੀਆ ਮੰਚ ਦੀ ਗਲਤ ਵਰਤੋਂ ਦੀ ਰੋਕਥਾਮ ਲਈ ਰਿਪੋਰਟ ਦੇਣ ਲਈ ਤਲੱਬ ਕੀਤਾ ਹੈ। ਸੂਚਨਾ ਅਤੇ ਤਕਨਾਲੋਜੀ ਨਾਲ ਸੰਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਗਲਤ ਵਰਤੋਂ ਅਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨਾਲ ਸੰਬੰਧਤ ਮੁੱਦੇ 'ਤੇ ਆਪਣਾ ਰੱਖਣ ਲਈ ਫੇਸਬੁੱਕ ਅਤੇ ਟਵਿੱਟਰ ਸਮੇਤ ਸੋਸ਼ਲ ਮੀਡੀਆ ਦੀਆਂ ਕਈ ਦਿੱਗਜ ਕੰਪਨੀਆਂ ਨੂੰ ਤਲੱਬ ਕੀਤਾ ਹੈ। ਸਥਾਈ ਕਮੇਟੀ ਦੀ 18 ਜੂਨ ਨੂੰ ਹੋਣ ਵਾਲੀ ਬੈਠਕ ਦੇ ਸੰਦਰਭ 'ਚ ਜਾਰੀ ਇਕ ਨੋਟਿਸ ਅਨੁਸਾਰ ਇਸ ਦਾ ਏਜੰਡਾ ਟਵਿੱਟਰ ਦੇ ਪ੍ਰਤੀਨਿਧੀਆਂ ਦੇ ਪੱਖ ਨੂੰ ਸੁਣਨਾ ਹੈ, ਜਿਸ ਤੋਂ ਬਾਅਦ ਡਿਜੀਟਲ ਸਪੇਸ 'ਚ ਜਨਾਨੀਆਂ ਦੀ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਸਮੇਤ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਸੋਸ਼ਲ/ਆਨਲਾਈਨ ਮੀਡੀਆ ਮੰਚਾਂ ਦੀ ਗਲਤ ਵਰਤੋਂ ਦੀ ਰੋਕਥਾਮ 'ਤੇ ਇਲੈਕਟ੍ਰਾਨਿਕ ਤਕਨਾਲੋਜੀ ਦੇ ਪ੍ਰਤੀਨਿਧੀਆਂ ਦੇ ਸਬੂਤਾਂ ਨੂੰ ਦੇਖਣਾ ਹੈ।''
ਬੈਠਕ ਦਾ ਨੋਟਿਸ ਲੋਕ ਸਭਾ ਸਕੱਤਰੇਤ ਵਲੋਂ ਜਾਰੀ ਕੀਤਾ ਗਿਆ ਹੈ। ਇਸ ਮਹੀਨੇ ਹੀ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਇਕ ਆਖਰੀ ਨੋਟਿਸ ਜਾਰੀ ਕਰਦੇ ਹੋਏ ਉਸ ਤੋਂ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਸੀ। ਬੀਤੇ ਕੁਝ ਮਹੀਨਿਆਂ 'ਚ ਟਵਿੱਟਰ ਅਤੇ ਕੇਂਦਰ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਟਕਰਾਅ ਦੇਖਣ ਨੂੰ ਮਿਲਿਆ ਹੈ। ਟਵਿੱਟਰ ਨੂੰ ਹਾਲ 'ਚ ਉਦੋਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਸ ਨੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਸਮੇਤ ਇਸ ਸੰਗਠਨ ਦੇ ਕਈ ਸੀਨੀਅਰ ਅਹੁਦਾ ਅਧਿਕਾਰੀਆਂ ਦੇ ਨਿੱਜੀ ਅਕਾਊਂਟ ਦੇ ਪ੍ਰਮਾਣਨ ਵਾਲੀ 'ਬਲਿਊ ਟਿਕ' ਹਟਾ ਦਿੱਤੀ ਸੀ।