ਸੰਸਦ ਭਵਨ ਕੋਲ ਫੜਿਆ ਗਿਆ ਸ਼ੱਕੀ ਨੌਜਵਾਨ, ਤਲਾਸ਼ੀ ਦੌਰਾਨ ਮਿਲੀ ਕੋਡਵਰਡ ''ਚ ਲਿਖੀ ਚਿੱਠੀ

Wednesday, Aug 26, 2020 - 02:34 PM (IST)

ਸੰਸਦ ਭਵਨ ਕੋਲ ਫੜਿਆ ਗਿਆ ਸ਼ੱਕੀ ਨੌਜਵਾਨ, ਤਲਾਸ਼ੀ ਦੌਰਾਨ ਮਿਲੀ ਕੋਡਵਰਡ ''ਚ ਲਿਖੀ ਚਿੱਠੀ

ਨਵੀਂ ਦਿੱਲੀ- ਸੰਸਦ ਭਵਨ ਕੋਲੋਂ ਬੁੱਧਵਾਰ ਨੂੰ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨੌਜਵਾਨ ਕੋਲੋਂ ਇਕ ਚਿੱਠੀ ਬਰਾਮਦ ਕੀਤੀ ਗਈ, ਜੋ ਕੋਡਵਰਡ 'ਚ ਲਿਖੀ ਹੈ। ਉਸ ਨੂੰ ਸੰਸਦ ਮਾਰਗ ਥਾਣੇ ਲਿਜਾਇਆ ਗਿਆ ਹੈ, ਜਿੱਥੇ ਉਸ ਤੋਂ ਕਈ ਏਜੰਸੀਆਂ ਜਿਵੇਂ- ਪੁਲਸ, ਆਈ.ਬੀ. ਅਤੇ ਹੋਰ ਖੁਫੀਆ ਏਜੰਸੀਆਂ ਪੁੱਛ-ਗਿੱਛ ਕਰ ਰਹੀਆਂ ਹਨ।  ਇਸ ਨੌਜਵਾਨ ਦੇ ਮਿਲਣ ਤੋਂ ਬਾਅਦ ਸੰਸਦ ਭਵਨ ਅਤੇ ਨੇੜੇ-ਤੇੜੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ 'ਚ ਲਿਆ ਗਿਆ ਨੌਜਵਾਨ ਕਸ਼ਮੀਰੀ ਹੈ। ਉਹ ਸ਼ੱਕੀ ਹਾਲਾਤ 'ਚ ਸੰਸਦ ਭਵਨ ਦੇ ਨੇੜੇ-ਤੇੜੇ ਘੁੰਮ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ। ਪੁਲਸ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਇਕ ਆਮ ਪ੍ਰਕਿਰਿਆ ਹੈ। ਪੁੱਛ-ਗਿੱਛ ਦੇ ਬਾਅਦ ਹੀ ਰਸਮੀ ਤੌਰ 'ਤੇ ਕੁਝ ਕਿਹਾ ਜਾ ਸਕਦਾ ਹੈ। 

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਰੂਆਤ 'ਚ ਨੌਜਵਾਨ ਆਪਣੇ ਬਾਰੇ ਵਾਰ-ਵਾਰ ਵੱਖ-ਵੱਖ ਜਾਣਕਾਰੀ ਦੇ ਰਿਹਾ ਸੀ। ਜਦੋਂ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਕਸ਼ਮੀਰ ਦੇ ਬੜਗਾਮ ਦਾ ਰਹਿਣ ਵਾਲਾ ਹੈ। ਉਸ ਕੋਲੋਂ ਇਕ ਬੈਗ ਬਰਾਮਦ ਹੋਇਆ ਹੈ, ਜਿਸ 'ਚ 2 ਪਛਾਣ ਪੱਤਰ ਮਿਲੇ ਹਨ ਅਤੇ ਦੋਹਾਂ 'ਚ ਵੱਖ-ਵੱਖ ਨਾਂ ਲਿਖੇ ਸਨ। ਉਸ ਕੋਲੋਂ ਇਕ ਆਧਾਰ ਕਾਰਡ ਅਤੇ ਇਕ ਡਰਾਈਵਿੰਗ ਲਾਇਸੈਂਸ ਮਿਲਿਆ ਹੈ। ਦੋਹਾਂ 'ਤੇ ਵੱਖ ਨਾਂ ਲਿਖੇ ਸਨ। ਜਾਣਕਾਰੀ ਮਿਲ ਰਹੀ ਹੈ ਕਿ ਡਰਾਈਵਿੰਗ ਲਾਇਸੈਂਸ 'ਤੇ ਉਸ ਦਾ ਨਾਂ ਫਿਰਦੌਸ ਲਿਖਿਆ ਹੈ, ਜਦੋਂ ਕਿ ਆਧਾਰ ਕਾਰਡ 'ਤੇ ਮੰਜੂਰ ਅਹਿਮਦ ਅਹੰਗੇਰ ਦਰਜ ਹੈ। ਪੁੱਛ-ਗਿੱਛ 'ਚ ਸਾਹਮਣੇ ਆਇਆ ਹੈ ਕਿ ਉਹ 2016 'ਚ ਦਿੱਲੀ ਘੁੰਮਣ ਆਇਆ ਸੀ। ਬਾਅਦ 'ਚ ਦੱਸਿਆ ਕਿ ਉਹ ਤਾਲਾਬੰਦੀ 'ਚ ਇੱਥੇ ਆ ਗਿਆ। ਜਦੋਂ ਦਿੱਲੀ 'ਚ ਕਿੱਥੇ ਰਹਿੰਦੇ ਹੈ ਪੁੱਛਿਆ ਗਿਆ ਤਾਂ ਉਸ ਨੇ ਕਦੇ ਜਾਮਾ ਮਸਜਿਦ, ਕਦੇ ਨਿਜਾਮੁਦੀਨ ਤਾਂ ਕਦੇ ਜਾਮੀਆ ਇਲਾਕੇ 'ਚ ਰਹਿਣ ਦੀ ਗੱਲ ਕੀਤੀ।


author

DIsha

Content Editor

Related News