ਆਫ਼ ਦਿ ਰਿਕਾਰਡ : ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ’ਤੇ ਵਿਚਾਰ ਕਰ ਰਹੀ ਹੈ ਸਰਕਾਰ!
Friday, Sep 18, 2026 - 10:10 AM (IST)
ਨੈਸ਼ਨਲ ਡੈਸਕ- ਬ੍ਰਿਕਸ ਸੰਮੇਲਨ ਦੀ ਸਫ਼ਲਤਾ ਤੋਂ ਉਤਸ਼ਾਹਿਤ ਮੋਦੀ ਸਰਕਾਰ ਇਸ ਮਹੀਨੇ ਜਾਂ ਅਕਤੂਬਰ ਦੀ ਸ਼ੁਰੂਆਤ ’ਚ ਸੰਸਦ ਦਾ ਇਕ ਛੋਟਾ ਵਿਸ਼ੇਸ਼ ਸੈਸ਼ਨ ਬੁਲਾਉਣ ’ਤੇ ਮੁੜ ਧਿਆਨ ਦੇ ਰਹੀ ਹੈ ਤਾਂ ਜੋ ਹੱਦਬੰਦੀ ਨਾਲ ਜੁੜੇ ਮਹਿਲਾ ਰਾਖਵੇਂਕਰਨ ਬਿੱਲ ਨੂੰ ਪਾਸ ਕਰਵਾਇਆ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਲੀਡਰਸ਼ਿਪ ਡੀ.ਐੱਮ.ਕੇ. ਨਾਲ ਸਮਝੌਤਾ ਕਰ ਸਕਦੀ ਹੈ ਜਿਸ ਦੇ ਲੋਕ ਸਭਾ ’ਚ 22 ਮੈਂਬਰ ਹਨ।
ਡੀ.ਐੱਮ.ਕੇ. ਦੀ ਸੰਸਦੀ ਦਲ ਦੀ ਨੇਤਾ ਕਨੀਮੋਝੀ ਦਾ ਸ਼ਿਵ ਸੈਨਾ (ਯੂ. ਬੀ. ਟੀ.) ਮੁਖੀ ਊਧਵ ਠਾਕਰੇ ਨੂੰ ਮਿਲਣ ਲਈ ਮੁੰਬਈ ਜਾਣਾ ਇਹ ਦਿਖਾਉਂਦਾ ਹੈ ਕਿ ‘ਕੁਝ ਨਾ ਕੁਝ ਪੱਕ ਰਿਹਾ’ ਹੈ। ਡੀ.ਐੱਮ.ਕੇ. ਨੇ ਕਾਂਗਰਸ ਤੋਂ ਵੱਖਰਾ ਰਾਹ ਫੜ ਲਿਆ ਹੈ ਅਤੇ ਲੋਕ ਸਭਾ ’ਚ ‘ਇੰਡੀਆ ਗੱਠਜੋੜ’ ਤੋਂ ਵੱਖ ਬੈਠਣ ਦੀ ਮੰਗ ਕੀਤੀ ਹੈ। ਹਾਲਾਂਕਿ ਪਾਰਟੀ ਆਪਣੀ ਰਣਨੀਤੀ ਬਾਰੇ ਕੁਝ ਨਹੀਂ ਦੱਸ ਰਹੀ ਕਿ ਉਹ ਕਿਸ ਪਾਸੇ ਜਾਵੇਗੀ। ਡੀ.ਐੱਮ.ਕੇ. ਦੇ ਅੰਤਿਮ ਫ਼ੈਸਲੇ ਦੀ ਉਡੀਕ ਹੈ।
ਮੋਦੀ ਸਰਕਾਰ ਸਤੰਬਰ-ਅਕਤੂਬਰ 2026 ’ਚ ਸੰਸਦ ਦੇ ਸੰਭਾਵੀ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਲੋਕ ਸਭਾ ’ਚ ਦੋ-ਤਿਹਾਈ ਬਹੁਮਤ (352–360 ਸੰਸਦ ਮੈਂਬਰ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਥਿਤੀ ਦਾ ਸਰਗਰਮੀ ਨਾਲ ਮੁਲਾਂਕਣ ਕਰ ਰਹੀ ਹੈ ਤਾਂ ਜੋ ਪਹਿਲਾਂ ਖ਼ਾਰਿਜ ਹੋ ਚੁੱਕੇ ਹੱਦਬੰਦੀ ਅਤੇ ਸੰਵਿਧਾਨ ਸੋਧ ਬਿੱਲਾਂ ਨੂੰ ਮੁੜ ਲਿਆਂਦਾ ਜਾ ਸਕੇ। ਸਰਕਾਰ ਦੀ ਪਿਛਲੀ ਕੋਸ਼ਿਸ਼ 17 ਅਪ੍ਰੈਲ 2026 ਨੂੰ ਲੋਕ ਸਭਾ ’ਚ ਨਾਕਾਮ ਰਹੀ, ਜਦੋਂ ਸੰਵਿਧਾਨ ਸੋਧ ਬਿੱਲ ਦੇ ਪੱਖ ’ਚ 298 ਅਤੇ ਵਿਰੋਧ ’ਚ 230 ਵੋਟਾਂ ਮਿਲੀਆਂ; ਇਹ ਜ਼ਰੂਰੀ ਦੋ-ਤਿਹਾਈ ਬਹੁਮਤ (352 ਵੋਟਾਂ) ਤੋਂ ਘੱਟ ਸੀ।
ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਆਪਣੀ ਗਿਣਤੀ ਵਧਾਉਣ ਲਈ ਦੱਖਣੀ ਸੂਬਿਆਂ ਅਤੇ ਡੀ. ਐੱਮ. ਕੇ. ਤੇ ਤ੍ਰਿਣਮੂਲ ਕਾਂਗਰਸ ਵਰਗੀਆਂ ਖੇਤਰੀ ਪਾਰਟੀਆਂ ਦੀਆਂ ਚਿੰਤਾਵਾਂ ’ਤੇ ਧਿਆਨ ਦੇਵੇਗੀ। ਡੀ. ਐੱਮ. ਕੇ. ਅਤੇ ਤ੍ਰਿਣਮੂਲ ਧੜੇ ਦੇ ਸਮਰਥਨ ਨਾਲ ਐੱਨ. ਡੀ. ਏ. ਦੀ ਗਿਣਤੀ ’ਚ 42 ਮੈਂਬਰਾਂ ਦਾ ਵਾਧਾ ਹੋ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਤ੍ਰਿਣਮੂਲ ਦੇ 17 ਬਾਗ਼ੀ ਸੰਸਦ ਮੈਂਬਰ ਹੁਣ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।
ਬੀਜੂ ਜਨਤਾ ਦਲ ਅਤੇ ਵਾਈ. ਐੱਸ. ਆਰ. ਕਾਂਗਰਸ ਪਾਰਟੀ ਵਰਗੀਆਂ ਕਈ ਪਾਰਟੀਆਂ ਹਨ ਜੋ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹਨ ਅਤੇ ਸਦਨ ’ਚ ਉਨ੍ਹਾਂ ਦੇ ਮੈਂਬਰਾਂ ਦੀ ਕੁੱਲ ਗਿਣਤੀ 26 ਹੈ। ਸਰਕਾਰ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਸਮਰਥਨ ’ਤੇ ਵੀ ਭਰੋਸਾ ਕਰ ਰਹੀ ਹੈ। ਮਾਨਸੂਨ ਸੈਸ਼ਨ ਨੂੰ ਹਾਲੇ ਤੱਕ ਮੁਲਤਵੀ ਨਹੀਂ ਕੀਤਾ ਗਿਆ ਹੈ। ਅਗਲਾ ਕਦਮ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਸਰਕਾਰ ਨੂੰ ਗਿਣਤੀ ਬਲ ਮਿਲਣ ਦਾ ਭਰੋਸਾ ਕਦੋਂ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
