ਆਫ਼ ਦਿ ਰਿਕਾਰਡ : ਆਤਿਸ਼ੀ ਕਿਉਂ ਖ਼ਾਮੋਸ਼ ਹੋ ਗਈ ਹੈ?

Saturday, Sep 12, 2026 - 09:36 AM (IST)

ਆਫ਼ ਦਿ ਰਿਕਾਰਡ : ਆਤਿਸ਼ੀ ਕਿਉਂ ਖ਼ਾਮੋਸ਼ ਹੋ ਗਈ ਹੈ?

ਆਤਿਸ਼ੀ ਕਿੱਥੇ ਹੈ ? ਦਿੱਲੀ ਦੇ ਸਿਆਸੀ ਹਲਕਿਆਂ 'ਚ ਇਹੋ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਸਿਆਸੀ ਮੈਦਾਨ ਤੋਂ ਪੂਰੀ ਤਰ੍ਹਾਂ ਗਾਇਬ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਸ ਦੇ ਸਾਥੀ ਭਾਜਪਾ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਹਾਲ ਹੀ ਵਿਚ ਸੱਤਿਆ ਨਿਕੇਤਨ ਦੀ ਘਟਨਾ ਸਬੰਧੀ ਟਕਰਾਅ ਦੌਰਾਨ ਵੀ ਉਸ ਦੀ ਗ਼ੈਰ-ਮੌਜੂਦਗੀ ’ਤੇ ਧਿਆਨ ਗਿਆ।

ਆਤਿਸ਼ੀ ਲੱਗਭਗ ਨਜ਼ਰਾਂ ਤੋਂ ਓਹਲੇ ਹੋ ਗਈ ਹੈ। ਇਹ ਗੱਲ ਇਸ ਲਈ ਵੀ ਅਜੀਬ ਹੈ ਕਿਉਂਕਿ ਆਤਿਸ਼ੀ ਕਦੇ ਵੀ ਲੜਾਈ ਤੋਂ ਪਿੱਛੇ ਨਹੀਂ ਹਟਦੀ ਸੀ। ‘ਆਪ’ ਦਾ ਇਕ ਪ੍ਰਮੁੱਖ ਚਿਹਰਾ ਹੋਣ ਦੇ ਨਾਤੇ, ਉਸ ਨੂੰ ਅਰਵਿੰਦ ਕੇਜਰੀਵਾਲ ਨੇ ਖ਼ੁਦ ਦਿੱਲੀ ਦਾ ਮੁੱਖ ਮੰਤਰੀ ਅਤੇ ਬਾਅਦ ਵਿਚ ਵਿਰੋਧੀ ਧਿਰ ਦੀ ਨੇਤਾ ਚੁਣਿਆ ਸੀ। ਇਸ ਹਿਸਾਬ ਨਾਲ, ਉਸ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਰਕਾਰ ਖ਼ਿਲਾਫ ਮੋਰਚਾ ਸੰਭਾਲਣਾ ਚਾਹੀਦਾ ਸੀ।

ਇਸ ਦੀ ਬਜਾਏ, ਉਹ ਕਿਤੇ ਨਜ਼ਰ ਨਹੀਂ ਆ ਰਹੀ-ਨਾ ਸਿਰਫ਼ ਸਿਆਸੀ ਮੋਰਚੇ ’ਤੇ, ਸਗੋਂ ਪਾਰਟੀ ਦੇ ਵੱਡੇ ਪ੍ਰੋਗਰਾਮਾਂ ਤੋਂ ਵੀ ਗਾਇਬ ਹੈ। ਦਿੱਲੀ ਸਰਕਾਰ ਦੀ ਬਹੁ-ਚਰਚਿਤ ‘ਲਕਸ਼ਮੀ ਯੋਜਨਾ’ ਦਾ ਹੀ ਉਦਾਹਰਣ ਲਓ। ਰੇਖਾ ਗੁਪਤਾ ਨੇ ਹਾਲ ਹੀ ਵਿਚ ਯੋਜਨਾ ਲਈ ਚੁਣੀਆਂ ਗਈਆਂ 2,500 ਔਰਤਾਂ ਨੂੰ ਪੱਤਰ ਸੌਂਪੇ, ਜਿਨ੍ਹਾਂ ਵਿਚੋਂ 64 ਨੂੰ ਇਕ ਸ਼ਾਨਦਾਰ ਸਮਾਰੋਹ ਵਿਚ ਨਿੱਜੀ ਤੌਰ ’ਤੇ ਪੱਤਰ ਦਿੱਤੇ ਗਏ। ਇਸ ਯੋਜਨਾ ਲਈ 9 ਲੱਖ ਤੋਂ ਵੱਧ ਔਰਤਾਂ ਨੇ ਅਰਜ਼ੀਆਂ ਦਿੱਤੀਆਂ ਸਨ। 

ਦਿਲਚਸਪ ਗੱਲ ਇਹ ਹੈ ਕਿ ਆਤਿਸ਼ੀ, ਜਿਸ ਨੇ ਵਾਰ-ਵਾਰ ਇਹ ਸਵਾਲ ਉਠਾਇਆ ਸੀ ਕਿ ਦਿੱਲੀ ਦੀਆਂ ਔਰਤਾਂ ਨੂੰ ਵਾਅਦਾ ਕੀਤਾ ਗਿਆ 2,500 ਰੁਪਿਆ ਕਦੋਂ ਮਿਲੇਗਾ, ਯੋਜਨਾ ਦੇ ਐਲਾਨ ਤੋਂ ਬਾਅਦ ਇਸ ’ਤੇ ਇਕ ਵੀ ਸ਼ਬਦ ਨਹੀਂ ਬੋਲੀ ਹੈ। ਉਸ ਦੀ ਅਚਾਨਕ ਖ਼ਾਮੋਸ਼ੀ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਹੈ : ਆਖ਼ਰ ‘ਆਪ’ ਦੇ ਅੰਦਰ ਕੀ ਚੱਲ ਰਿਹਾ ਹੈ? ਸਿਆਸੀ ਮੰਚ ਤੋਂ ਉਸ ਦਾ ਗਾਇਬ ਹੋਣਾ ਯਕੀਨੀ ਤੌਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


author

Harpreet SIngh

Content Editor

Related News