ਛੇਤੀ ਪਿਤਾ ਬਣਨ ਨਾਲ ਸੰਤਾਨਾਂ ''ਚ ਘੱਟ ਹੁੰਦਾ ਹੈ ਕਈ ਬੀਮਾਰੀਆਂ ਦਾ ਖਤਰਾ

04/12/2019 4:16:46 PM

ਨਵੀਂ ਦਿੱਲੀ (ਏਜੰਸੀਆਂ) : ਡਾਕਟਰ ਅਕਸਰ ਸਲਾਹ ਦਿੰਦੇ ਹਨ ਕਿ ਤੰਦਰੁਸਤ ਸੰਤਾਨ ਲਈ ਔਰਤਾਂ ਨੂੰ 35 ਦੀ ਉਮਰ 'ਚ ਮਾਂ ਬਣਨਾ ਚਾਹੀਦਾ ਹੈ ਪਰ ਹਾਲ ਹੀ ਦੀ ਖੋਜ ਚ ਕਿਹਾ ਗਿਆ ਹੈ ਕਿ ਮਰਦਾਂ ਨੂੰ ਵੀ 35 ਸਾਲ ਦੀ ਉਮਰ ਤੱਕ ਪਿਤਾ ਬਣ ਜਾਣਾ ਚਾਹੀਦਾ ਹੈ। 35 ਤੱਕ ਪਿਤਾ ਬਣ ਜਾਣ ਨਾਲ ਹੋਣ ਵਾਲੇ ਬੱਚਿਆਂ 'ਚ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। 

ਮਰਦਾਂ ਦੇ ਸਬੰਧ 'ਚ ਜਾਣਕਾਰੀ ਨਹੀਂ
ਹੁਣ ਤੱਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਜਿੰਨੀ ਜ਼ਿਆਦਾ ਉਮਰ 'ਚ ਔਰਤਾਂ ਬੱਚਾ ਪੈਦਾ ਕਰਦੀਆਂ ਹਨ, ਬੱਚੇ ਦੀ ਸਿਹਤ ਨੂੰ ਓਨਾ ਹੀ ਖਤਰਾ ਜ਼ਿਆਦਾ ਹੁੰਦਾ ਹੈ ਪਰ ਜਿਥੋਂ ਤੱਕ ਮਰਦਾਂ ਦੀ ਗੱਲ ਹੈ ਤਾਂਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਤਾਜ਼ਾ ਖੋਜ ਦੱਸਦੀ ਹੈ ਕਿ ਪਿਤਾ ਦੀ ਉਮਰ ਦਾ ਵੀ ਸੰਤਾਨ ਦੀ ਸਿਹਤ 'ਤੇ ਓਨਾ ਹੀ ਅਸਰ ਪੈਂਦਾ ਹੈ, ਜਿੰਨਾ ਮਾਂ ਦੀ ਉਮਰ ਦਾ। ਮਤਲਬ ਇਹ ਹੋਇਆ ਕਿ ਉਮਰ ਦੇ ਵਧਣ ਦੇ ਨਾਲ ਮਰਦਾਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਘਟਦੀ ਰਹਿੰਦੀ ਹੈ ਅਤੇ ਇਹ ਬੀਮਾਰੀਆਂ ਨੂੰ ਵੀ ਅੰਜਾਮ ਦਿੰਦੀ ਹੈ।

ਸਿਜੋਫ੍ਰੀਨੀਆ ਹੋਣ ਦਾ ਖਤਰਾ
ਬਾਇਓਲਾਜੀਕਲ ਸਾਈਕਾਈਟਰੀ ਨਾਂ ਦੇ ਵਿਗਿਆਨ ਰਸਾਲੇ 'ਚ ਛਪੀ ਇਕ ਖੋਜ ਮੁਤਾਬਕ ਪਿਤਾ ਦੀ ਉਮਰ ਜ਼ਿਆਦਾ ਹੋਣ ਦਾ ਸਿੱਧਾ ਸਬੰਧ ਸਿਜੋਫ੍ਰੀਨੀਆ ਨਾਲ ਦੇਖਿਆ ਗਿਆ ਹੈ। ਸਿਜੋਫ੍ਰੀਨੀਆ ਇਕ ਅਜਿਹੀ ਮਾਨਸਿਕ ਬੀਮਾਰੀ ਹੈ, ਜਿਸ 'ਚ ਵਿਅਕਤੀ ਦਾ ਵਰਤਾਓ ਨਾਰਮਲ ਨਹੀਂ ਰਹਿੰਦਾ ਅਤੇ ਚੀਜ਼ਾਂ ਨੂੰ ਸੋਚਣ ਜਾਂ ਸਮਝਣ ਦੀ ਸਮਰੱਥਾ ਨਹੀਂ ਬਚਦੀ। ਖੋਜ ਕਰਨ ਵਾਲੇ ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਸ਼ੀ ਹੇਂਗ ਵਾਂਗ ਦਾ ਇਸ ਬਾਰੇ ਕਹਿਣਾ ਹੈ ਕਿ ਪਿਤਾ ਦੀ ਉਮਰ 'ਚ ਹਰ ਦਸ ਸਾਲ ਦੇ ਵਾਧੇ ਨਾਲ ਸੰਤਾਨ 'ਚ ਸਿਜੋਫ੍ਰੀਨੀਆ ਦਾ ਖਤਰਾ 30 ਫੀਸਦੀ ਹੋਰ ਵੱਧ ਜਾਂਦਾ ਹੈ।

ਬੱਚਿਆਂ ਨੂੰ ਹੋਵੇਗੀ ਪ੍ਰੇਸ਼ਾਨੀ
ਖੋਜ ਮੁਤਾਬਕ ਮਰਦਾਂ ਦੀ ਉਮਰ 35 ਤੋਂ ਜ਼ਿਆਦਾ ਹੋਣ ਨਾਲ ਸੰਤਾਨ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਸਾਲ ਦੇ ਤੌਰ 'ਤੇ 40 ਦੀ ਉਮਰ ਤੋਂ ਜ਼ਿਆਦਾ ਵਾਲਿਆਂ ਦੀ ਸੰਤਾਨ ਨੂੰ 30 ਦੀ ਉਮਰ ਤੋਂ ਘੱਟ ਵਾਲਿਆਂ ਦੀ ਤੁਲਨਾ 'ਚ ਆਟਿਜ਼ਮ ਦਾ ਖਤਰਾ 5.75 ਫੀਸਦੀ ਜ਼ਿਆਦਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਸੰਤਾਨਾਂ 'ਚ ਏ. ਡੀ. ਐੱਚ. ਡੀ. ਯਾਨੀ ਅਟੈਂਸ਼ਨ ਡੇਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ, ਸਾਈਕਾਸਿਸ, ਬਾਇਪੋਲਰ ਡਿਸਆਰਡਰ, ਖੁਦਕੁਸ਼ੀ ਦੀ ਕੋਸ਼ਿਸ਼ ਅਤੇ ਨਸ਼ੇ ਦੀ ਲਤ ਵਰਗੇ ਖਤਰੇ ਵੀ ਦਰਜ ਕੀਤੇ ਗਏ। ਸਟੈਨਫੋਰਡ ਯੂਨੀਵਰਸਿਟੀ ਦੇ ਇਕ ਸਰਵੇਖਣ 'ਚ 2007 ਤੋਂ 2016 ਦਰਮਿਆਨ ਪੈਦਾ ਹੋਏ ਚਾਰ ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਅੰਕੜਾ ਜਮ੍ਹਾ ਕੀਤਾ ਗਿਆ। ਇਸ 'ਚ ਦੇਖਿਆ ਗਿਆ ਕਿ ਜ਼ਿਆਦਾ ਉਮਰ ਦੇ ਪਿਤਾ ਦੀ ਸੰਤਾਨ ਨੂੰ ਕਈ ਮਾਮਲਿਆਂ 'ਚ ਜਨਮ ਦੇ ਸਮੇਂ ਆਈ. ਸੀ. ਯੂ. ਵਿਚ ਰੱਖਣਾ ਪਿਆ ਜਾਂ ਫਿਰ ਉਨ੍ਹਾਂ ਦਾ ਸਮੇਂ ਤੋਂ ਕਾਫੀ ਪਹਿਲਾਂ ਹੀ ਜਨਮ ਹੋ ਗਿਆ ਅਤੇ ਅਜਿਹੇ ਬੱਚਿਆਂ ਦਾ ਭਾਰ ਵੀ 35 ਸਾਲ ਤੋਂ ਘੱਟ ਉਮਰ ਦੇ ਪਿਤਾਵਾਂ ਦੀਆਂ ਸੰਤਾਨਾਂ ਦੀ ਤੁਲਨਾ 'ਚ ਘੱਟ ਰਿਹਾ। ਇੰਨਾ ਹੀ ਨਹੀਂ ਇਸ ਨਾਲ ਔਰਤਾਂ 'ਚ ਗਰਭ ਅਵਸਥਾ ਦੌਰਾਨ ਸ਼ੂਗਰ ਦਾ ਖਤਰਾ ਵੀ ਜ਼ਿਆਦਾ ਰਿਹਾ।

ਮਾਤਾ-ਪਿਤਾ ਦੋਹਾਂ ਦਾ ਹੁੰਦਾ ਹੈ ਅਸਰ
ਸਟੈਨਫੋਰਡ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਮਾਈਕਲ ਆਈਜਨਬਰਗ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵੱਧਦੀ ਹੈ, ਬੱਚਿਆਂ ਲਈ ਖਤਰਾ ਵੀ ਵਧਦਾ ਰਹਿੰਦਾ ਹੈ ਪਰ ਇਹ ਖੋਜ ਸਾਨੂੰ ਇਹ ਸਬੂਤ ਦੇ ਰਹੀ ਹੈ ਕਿ ਪਿਤਾ ਦੀ ਉਮਰ ਦਾ ਵੀ ਅਸਰ ਹੁੰਦਾ ਹੈ। ਕੁਲ ਮਿਲਾ ਕੇ ਮਾਂ ਅਤੇ ਪਿਤਾ ਦੋਹਾਂ ਦੀ ਉਮਰ 35 ਤੋਂ ਘੱਟ ਹੋਵੇ ਤਾਂ ਬੱਚਿਆਂ ਦੀ ਸਿਹਤ ਬਿਹਤਰ ਰਹਿੰਦੀ ਹੈ। ਵਿਗਿਆਨੀ ਪਹਿਲੂਆਂ ਤੋਂ ਇਲਾਵਾ ਬੱਚਿਆਂ 'ਤੇ ਮਾਤਾ-ਪਿਤਾ ਦੀ ਉਮਰ ਦੇ ਸਮਾਜਿਕ ਅਸਰ 'ਤੇ ਵੀ ਅਧਿਐਨ ਹੁੰਦੇ ਰਹੇ ਹਨ। ਮਾਕਸ ਪਲਾਂਕ ਇੰਸਟੀਚਿਊਟ ਫਾਰ ਡੈਮੋਗ੍ਰਾਫਿਕ ਰਿਸਰਚ ਦੇ ਮੀਕੋ ਮਿਰਸਕਿਲਾ ਨੇ ਆਪਣੀ ਸਟੱਡੀ 'ਚ ਦੇਖਿਆ ਕਿ ਮਾਂ ਦੀ ਉਮਰ ਜਿੰਨੀ ਜ਼ਿਆਦਾ ਹੁੰਦੀ ਹੈ, ਸੰਤਾਨ ਦੀ ਸਿੱਖਿਆ ਦਾ ਪੱਧਰ ਵੀ ਓਨਾ ਹੀ ਜ਼ਿਆਦਾ ਹੁੰਦਾ ਹੈ। ਬਹੁਤ ਘੱਟ ਉਮਰ 'ਚ ਵਿਆਹ ਹੋ ਜਾਣ ਕਾਰਨ ਜੋ ਔਰਤਾਂ ਖੁਦ ਹੀ ਉੱਚ ਸਿੱਖਿਆ ਹਾਸਲ ਨਹੀਂ ਕਰ ਪਾਉਂਦੀਆਂ, ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਦੇ ਹੱਕਾਂ ਨੂੰ ਲੈ ਕੇ ਬਹੁਤ ਜਾਗਰੂਕ ਨਹੀਂ ਹੁੰਦੀਆਂ ਹਨ ਅਤੇ ਅਜਿਹੇ 'ਚ ਉਨ੍ਹਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ।

ਬੱਚਿਆਂ ਨੂੰ ਖਤਰਾ
35 ਦੀ ਉਮਰ ਤੋਂ ਬਾਅਦ ਪਿਤਾ ਬਣਨ ਨਾਲ ਸੰਤਾਨਾਂ 'ਚ ਆਟਿਜ਼ਮ, ਏ. ਡੀ. ਐੱਚ. ਡੀ. ਯਾਨੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ, ਸਾਈਕਾਸਿਸ, ਬਾਇਪੋਲਰ ਡਿਸਆਰਡਰ, ਖੁਦਕੁਸ਼ੀ ਦੀ ਕੋਸ਼ਿਸ਼ ਅਤੇ ਨਸ਼ੇ ਦੀ ਲਤ ਵਰਗੇ ਖਤਰੇ ਵੀ ਦਰਜ ਕੀਤੇ ਗਏ। ਸੰਤਾਨਾਂ ਦੀ ਸਿਹਤ 'ਤੇ ਮਾਤਾ ਅਤੇ ਪਿਤਾ ਦੋਹਾਂ ਦੀ ਹੀ ਉਮਰ ਦਾ ਪ੍ਰਭਾਵ ਪੈਂਦਾ ਹੈ।


Anuradha

Content Editor

Related News