ਵੋਟਰ ਸੂਚੀਆਂ ''ਚ ਗੜਬੜੀ ਮਾਮਲੇ ''ਤੇ ਰਾਮ ਰਮੇਸ਼ ਦਾ ਵੱਡਾ ਬਿਆਨ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਕੀਤੀ ਮੰਗ

Saturday, Oct 24, 2026 - 08:11 PM (IST)

ਵੋਟਰ ਸੂਚੀਆਂ ''ਚ ਗੜਬੜੀ ਮਾਮਲੇ ''ਤੇ ਰਾਮ ਰਮੇਸ਼ ਦਾ ਵੱਡਾ ਬਿਆਨ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਕੀਤੀ ਮੰਗ

ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਕਮਿਸ਼ਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਦਦ ਲਈ ਕੀਤੀ ਗਈ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਠੀਕਰਾ ਸਾਫ਼ਟਵੇਅਰ 'ਤੇ ਭੰਨਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਕੀ ਭਾਰਤ ਦੇ ਲੋਕਤੰਤਰ ਤੇ ਵੋਟਰ ਸੂਚੀ ਦੀ ਸ਼ੁੱਧਤਾ ਨੂੰ ਸਾਫ਼ਟਵੇਅਰ ਅਤੇ ECINET ਦੇ ਭਰੋਸੇ ਛੱਡ ਦਿੱਤਾ ਗਿਆ ਹੈ, ਜਦਕਿ ਮੁੱਖ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਬਣਦੀ ਹੈ।
ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਚੋਣਾਂ ਦੀ ਵੋਟਰ ਸੂਚੀ ਵਿੱਚ ਕਈ ਗੰਭੀਰ ਗ਼ਲਤੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਵੋਟਰ ਦਾ ਨਾਂ ‘ਰਾਮ ਨੇ ਯਾਦਵ ਕੋ ਮਾਰਾ’ ਅਤੇ ਪਿਤਾ ਦਾ ਨਾਂ ‘ਮੂਰਖ ਚੰਦਰ ਯਾਦਵ’ ਜਾਂ ‘ਬੀ. ਕਾਮ’ ਵਰਗੇ ਅਜੀਬੋ-ਗ਼ਰੀਬ ਇੰਦਰਾਜ ਦਰਜ ਮਿਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਖ਼ਾਮੀਆਂ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਸਾਹਮਣੇ ਆ ਚੁੱਕੀਆਂ ਹਨ, ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਕੀ ਚੋਣਾਂ ਵਿੱਚ ਵੀ ਅਜਿਹਾ ਨਾ ਹੋਇਆ ਹੋਵੇ।
ਇਸ ਤੋਂ ਇਲਾਵਾ ਉਨ੍ਹਾਂ ਪੀਲੀਭੀਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉੱਥੇ ਬਿਨਾਂ ਕਿਸੇ ਸਹਾਇਕ ਰਿਕਾਰਡ ਦੇ ਫ਼ਾਰਮ 8 ਰਾਹੀਂ 10,470 ਵੋਟਰਾਂ ਦੇ ਵੇਰਵੇ ਬਦਲ ਦਿੱਤੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਵੋਟਿੰਗ ਮੌਕੇ ਇਨ੍ਹਾਂ ਨਾਗਰਿਕਾਂ ਨੂੰ ਮਤਾਧਿਕਾਰ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਘੜੀ ਗਈ ਹੈ। ਐੱਸ.ਆਈ.ਆਰ. (SIR) ਤੋਂ ਬਾਅਦ ਸੂਚੀ ਵਿੱਚੋਂ ਨਾਂ ਗਾਇਬ ਹੋਣ ਅਤੇ ਆਨਲਾਈਨ EPIC ਨੰਬਰ ਖੋਜਣ 'ਤੇ ਗ਼ਲਤ ਵੇਰਵੇ ਦਿਖਾਈ ਦੇਣ ਦੀਆਂ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਕਾਂਗਰਸ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੀ ਲਗਾਤਾਰ ਮੰਗ ਦੇ ਬਾਵਜੂਦ ਚੋਣ ਕਮਿਸ਼ਨ ਨੇ ਅਜੇ ਤੱਕ ਮਸ਼ੀਨ-ਰੀਡੇਬਲ ਡੇਟਾ ਮੁਹੱਈਆ ਨਹੀਂ ਕਰਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਸਮੇਤ ਹਰਿਆਣਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੀਆਂ ਚੋਣਾਂ ਵਿੱਚ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਵੋਟਾਂ ਚੋਰੀ ਕੀਤੀਆਂ ਗਈਆਂ ਹਨ। ਕਾਂਗਰਸ ਨੇ ਮੰਗ ਕੀਤੀ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫ਼ਾ ਦੇਣ, ਐੱਸ.ਆਈ.ਆਰ. ਪ੍ਰਕਿਰਿਆ 'ਤੇ ਫ਼ੌਰੀ ਰੋਕ ਲਗਾਈ ਜਾਵੇ, ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪੂਰਾ ਮਸ਼ੀਨ-ਰੀਡੇਬਲ ਡੇਟਾ ਜਨਤਕ ਕਰਕੇ ਹਰ ਯੋਗ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰਾਖੀ ਕੀਤੀ ਜਾਵੇ।
 

 


author

Shubam Kumar

Content Editor

Related News