ਚੀਨ ਦੇ ਮਾਮਲੇ ’ਤੇ ਸੰਸਦ ਤੇ ਦੇਸ਼ ਨੂੰ ਵਿਸ਼ਵਾਸ ’ਚ ਲੈਣ ਪ੍ਰਧਾਨ ਮੰਤਰੀ : ਜੈਰਾਮ ਰਮੇਸ਼

Friday, Oct 23, 2026 - 07:13 PM (IST)

ਚੀਨ ਦੇ ਮਾਮਲੇ ’ਤੇ ਸੰਸਦ ਤੇ ਦੇਸ਼ ਨੂੰ ਵਿਸ਼ਵਾਸ ’ਚ ਲੈਣ ਪ੍ਰਧਾਨ ਮੰਤਰੀ : ਜੈਰਾਮ ਰਮੇਸ਼

ਨਵੀਂ ਦਿੱਲੀ,  (ਏਜੰਸੀ)-ਕਾਂਗਰਸ ਨੇ ਅਰੁਣਾਚਲ ਪ੍ਰਦੇਸ਼ ’ਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਖਬਰ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ’ਤੇ ਸੰਸਦ ਅਤੇ ਦੇਸ਼ ਨੂੰ ਵਿਸ਼ਵਾਸ ’ਚ ਲੈਣਾ ਚਾਹੀਦਾ ਹੈ। ਮੁੱਖ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਦੇਸ਼ ਨੂੰ 56 ਇੰਚ ਦੀ ਛਾਤੀ ਦੇ ਖੋਖਲੇ ਦਾਅਵੇ ਨਹੀਂ, ਰਾਸ਼ਟਰੀ ਸੁਰੱਖਿਆ ’ਤੇ ਸਪੱਸ਼ਟ ਜਵਾਬ ਚਾਹੀਦੇ ਹਨ।

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ. ਟੀ. ਬੀ. ਪੀ.) ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਨਾਲ ਰਵਾਇਤੀ ਯੁੱਧ ਤਰੀਕਿਆਂ ਨਾਲ ਮੁਕਾਬਲਾ ਕਰਨ ਦਾ ਦੌਰ ਬੀਤ ਚੁੱਕਾ ਹੈ, ਇਸ ਲਈ ਫੋਰਸ ਆਪਣੇ ਜਵਾਨਾਂ, ਹਥਿਆਰਾਂ, ਵਾਹਨਾਂ ਅਤੇ ਸਰਹੱਦੀ ਚੌਕੀਆਂ ਦੇ ਆਧੁਨਿਕੀਕਰਨ ’ਚ ਨਿਵੇਸ਼ ਕਰ ਰਹੀ ਹੈ। ਖੜਗੇ ਨੇ ‘ਐਕਸ’ ’ਤੇ ਇਕ ਪੋਸਟ ’ਚ ਰਾਸ਼ਟਰੀ ਸੁਰੱਖਿਆ, ਆਰਥਿਕ ਸੁਰੱਖਿਆ ਅਤੇ ਕੂਟਨੀਤਕ ਜਵਾਬਦੇਹੀ ਨਾਲ ਜੁੜੇ ਸਵਾਲ ਚੁੱਕਦੇ ਹੋਏ ਦਾਅਵਾ ਕੀਤਾ ਕਿ ਚੀਨ ਨੂੰ ਹੁਣ ਹੋਰ ‘ਕਲੀਨ ਚਿੱਟ’ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਅੱਗੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਪੂਰ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨਾਲ ਟਕਰਾਅ ਸਬੰਧੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਡੋਕਲਾਮ ਅਤੇ ਗਲਵਾਨ ਤੋਂ ਬਾਅਦ ਇਕ ਹੋਰ ਗੰਭੀਰ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ? ਖੜਗੇ ਨੇ ਕਿਹਾ ਕਿ ਅਗਸਤ ’ਚ ਤਾਕਸਿੰਗ ਨੇੜੇ ਚੀਨੀ ਘੁਸਪੈਠ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਵਾਚਾ-ਦਮਾਈ ’ਚ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਤੋਂ 47 ਦਿਨਾਂ ਬਾਅਦ ਵੀ ਕਥਿਤ ਟਕਰਾਅ ਜਾਰੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਭਾਰਤ ਦੀ ਗਸ਼ਤ ਦੀ ਪਹੁੰਚ ਪ੍ਰਭਾਵਿਤ ਹੋਈ ਹੈ।


author

Shubam Kumar

Content Editor

Related News