‘ਮਨ ਕੀ ਬਾਤ’ ਛੱਡ ਕੇ ਮਹਿੰਗਾਈ ਤੋਂ ਪ੍ਰੇਸ਼ਾਨ ਜਨਤਾ ਦੀ ਚਿੰਤਾ ਕਰਨ ਪ੍ਰਧਾਨ ਮੰਤਰੀ : ਜੈਰਾਮ ਰਮੇਸ਼
Monday, Oct 26, 2026 - 06:23 PM (IST)
ਨਵੀਂ ਦਿੱਲੀ, (ਏਜੰਸੀ)–ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ‘ਮਨ ਕੀ ਬਾਤ’ ਛੱਡ ਕੇ ਜਨਤਾ ਦੀ ਚਿੰਤਾ ਕਰਨੀ ਚਾਹੀਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ਵਿਚ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਅਜਿਹੀ ਹਾਲਤ ਵਿਚ ਆਮ ਪਰਿਵਾਰਾਂ ਸਾਹਮਣੇ ਤਿਉਹਾਰ ਮਨਾਉਣ ਅਤੇ ਘਰ ਦਾ ਬਜਟ ਸੰਭਾਲਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ।
ਉਨ੍ਹਾਂ ਕਿਹਾ,‘‘ਅੱਛੇ ਦਿਨਾਂ ਦੇ ਵਾਅਦਿਆਂ ਦੀ ਕੌੜੀ ਸੱਚਾਈ ਹਰ ਰੋਜ਼ ਵਧਦੀ ਮਹਿੰਗਾਈ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ। 4 ਮਹੀਨਿਆਂ ਵਿਚ ਪਿਆਜ਼ 85 ਫ਼ੀਸਦੀ ਅਤੇ ਖੰਡ 34 ਫ਼ੀਸਦੀ ਤੱਕ ਮਹਿੰਗੀ ਹੋ ਗਈ ਹੈ।’’ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਮਹੀਨੇ ਵਿਚ ਟਮਾਟਰ ਦੀਆਂ ਕੀਮਤਾਂ 8.5 ਫ਼ੀਸਦੀ, ਅਰਹਰ ਦੀ ਦਾਲ ਦੀਆਂ 3.5 ਫ਼ੀਸਦੀ ਅਤੇ ਛੋਲਿਆਂ ਦੀ ਦਾਲ ਦੀਆਂ ਕੀਮਤਾਂ 3.1 ਫ਼ੀਸਦੀ ਵਧੀਆਂ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਠੀਕ ਪਹਿਲਾਂ ਬਦਾਮ ਦੀ ਕੀਮਤ 1,300 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਅਤੇ ਛੋਟੀ ਇਲਾਇਚੀ ਦੀ ਕੀਮਤ ਵਿਚ 300 ਰੁਪਏ ਤੱਕ ਦਾ ਉਛਾਲ ਆਇਆ ਹੈ।
ਜੈਰਾਮ ਰਮੇਸ਼ ਨੇ ਕਿਹਾ ਕਿ ਜੀ. ਡੀ. ਪੀ. ਦੇ ਅੰਕੜਿਆਂ ਦਾ ‘ਢਿੰਡੋਰਾ ਪਿੱਟਣ ਵਾਲੇ’ ਪ੍ਰਧਾਨ ਮੰਤਰੀ ਆਮ ਜਨਤਾ ਦੀ ਇਸ ਸਥਿਤੀ ’ਤੇ ਚੁੱਪ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਕ ਪਾਸੇ ‘ਬੇਕਾਬੂ ਮਹਿੰਗਾਈ’ ਕਾਰਨ ਰਸੋਈ ਦਾ ਬਜਟ ਵਿਗੜ ਚੁੱਕਾ ਹੈ, ਉੱਥੇ ਹੀ ਦੂਜੇ ਪਾਸੇ ਪਿਛਲੇ ਇਕ ਦਹਾਕੇ ਦੌਰਾਨ ਅਸਲ ਆਮਦਨ ਭਾਵ ਮਹਿੰਗਾਈ ਦੇ ਅਸਰ ਨੂੰ ਧਿਆਨ ਵਿਚ ਰੱਖ ਕੇ ਗਿਣੀ ਗਈ ਆਮਦਨ ਜਾਂ ਤਾਂ ਸਥਿਰ ਰਹੀ ਹੈ ਜਾਂ ਇਸ ਵਿਚ ਗਿਰਾਵਟ ਆਈ ਹੈ।
