''ਸਾਡੀ ਸ਼ਾਂਤੀ ਨੂੰ ਸਾਡੀ ਕਮਜ਼ੋਰੀ ਨਾ ਸਮਝੋ..!'', ਅੱਤਵਾਦ ਦੇ ਮੁੱਦੇ ''ਤੇ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦਿੱਤੀ ਚਿਤਾਵਨੀ
Thursday, Oct 15, 2026 - 12:22 PM (IST)
ਨਵੀਂ ਦਿੱਲੀ- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦ ਪਾਰੋਂ ਫੈਲਾਏ ਜਾ ਰਹੇ ਅੱਤਵਾਦ ਖ਼ਿਲਾਫ਼ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਰੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਸ਼ਾਂਤੀ ਦੀ ਕਾਮਨਾ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ, ਪਰ ਸਾਡੀ ਸ਼ਾਂਤੀ ਦੀ ਵਚਨਬੱਧਤਾ ਨੂੰ ਕੋਈ ਵੀ ਸਾਡੀ ਕਮਜ਼ੋਰੀ ਨਾ ਸਮਝੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪਾਕਿਸਤਾਨ ਵਲੋਂ ਕੋਈ ਵੀ ਨਵੀਂ ਅੱਤਵਾਦੀ ਘੁਸਪੈਠ ਜਾਂ ਵਾਰਦਾਤ ਹੁੰਦੀ ਹੈ, ਤਾਂ ਭਾਰਤੀ ਫੌਜ ਬਾਲਾਕੋਟ ਅਤੇ 'ਆਪਰੇਸ਼ਨ ਸਿੰਦੂਰ' ਨਾਲੋਂ ਵੀ ਵੱਡੀ ਤੇ ਭਿਆਨਕ ਸਟ੍ਰਾਈਕ ਕਰੇਗੀ।
ਰੱਖਿਆ ਮੰਤਰੀ ਨੇ ਦੱਸਿਆ ਕਿ 2014 ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੇ ਸਖ਼ਤ ਰੁਖ਼ ਕਾਰਨ ਜ਼ਿਆਦਾਤਰ ਅੱਤਵਾਦੀਆਂ ਦੀ 'ਸ਼ੈਲਫ ਲਾਈਫ' 1 ਸਾਲ ਤੋਂ ਵੀ ਘੱਟ ਰਹਿ ਗਈ ਹੈ। ਭਾਰਤ ਵਿਰੁੱਧ ਹਥਿਆਰ ਚੁੱਕਣ ਵਾਲੇ ਅੱਤਵਾਦੀਆਂ ਨੂੰ ਸਾਡੇ ਜਵਾਨ ਬਹੁਤ ਜਲਦ ਅੰਜਾਮ ਤੱਕ ਪਹੁੰਚਾ ਦਿੰਦੇ ਹਨ।
ਰਾਜਨਾਥ ਸਿੰਘ ਨੇ 2016 ਦੀ ਉੜੀ ਸਟ੍ਰਾਈਕ, 2019 ਦੀ ਬਾਲਾਕੋਟ ਏਅਰਸਟ੍ਰਾਈਕ ਅਤੇ ਪਹਿਲਗਾਮ 'ਚ ਬੇਗੁਨਾਹ ਲੋਕਾਂ ਦੇ ਕਤਲ ਤੋਂ ਬਾਅਦ ਚਲਾਏ ਗਏ 'ਆਪਰੇਸ਼ਨ ਸਿੰਦੂਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ 'ਚ ਵੜ ਕੇ ਅੱਤਵਾਦੀ ਅੱਡੇ ਤਬਾਹ ਕੀਤੇ ਸਨ।
ਰੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ। ਭਾਰਤ ਹੁਣ ਕੇਵਲ ਮੌਜੂਦਾ ਲੋੜਾਂ ਪੂਰੀਆਂ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਰੱਖਿਆ ਸੈਕਟਰ 'ਚ ਵੀ 'ਆਤਮਨਿਰਭਰ' ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
