ਵੱਡੀ ਲਾਪਰਵਾਹੀ: ਹਸਪਤਾਲ 'ਚੋਂ ਨਵਜੰਮੇ ਬੱਚੇ ਨੂੰ ਚੁੱਕ ਲੈ ਗਿਆ ਕੁੱਤਾ, ਨੋਚ-ਨੋਚ ਕੇ ਖਾਧਾ

Tuesday, Jun 28, 2022 - 05:10 PM (IST)

ਪਾਨੀਪਤ (ਸਚਿਨ)– ਹਰਿਆਣਾ ਦੇ ਪਾਨੀਪਤ ’ਚ ਸਥਿਤ ਇਕ ਪ੍ਰਾਈਵੇਟ ਹਸਪਤਾਲ ’ਚ ਸੋਮਵਾਰ ਰਾਤ ਕਰੀਬ ਸਵਾ ਦੋ ਵਜੇ ਕੁੱਤੇ ਨੇ ਦੋ ਦਿਨ ਦੇ ਨਵਜੰਮੇ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਾ ਨਵਜੰਮੇ ਬੱਚੇ ਨੂੰ ਪਹਿਲੀ ਮੰਜਿਲ ਤੋਂ ਚੁੱਕ ਕੇ ਹੇਠਾਂ ਲੈ ਕੇ ਆਇਆ ਸੀ। ਕੁੱਤੇ ਨੇ ਨਵਜੰਮੇ ਬੱਚੇ ਦੀ ਲਾਸ਼ ਬੁਰੀ ਤਰ੍ਹਾਂ ਨੋਚਿਆ। ਰਿਸ਼ਤੇਦਾਰਾਂ ਨੇ ਹਸਪਤਾਲ ''ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਦੀ ਮੋਰਚਰੀ ''ਚ ਰਖਵਾਇਆ ਗਿਆ ਹੈ।

ਦਰਅਸਲ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸ਼ਬਨਮ ਪਤਨੀ ਆਸ ਮੁਹੰਮਦ ਨੂੰ ਪਾਣੀਪਤ ਦੇ ਸੈਕਟਰ 13-17 ਸਥਿਤ ਹਸਪਤਾਲ ਵਿਚ 25 ਜੂਨ ਨੂੰ ਡਿਲਿਵਰੀ ਲਈ ਦਾਖਲ ਕਰਵਾਇਆ ਗਿਆ ਸੀ। ਉਸੇ ਰਾਤ 8:15 ਵਜੇ ਸ਼ਬਨਮ ਨੇ ਲੜਕੇ ਨੂੰ ਜਨਮ ਦਿੱਤਾ। ਉਸ ਨੂੰ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਜਨਰਲ ਵਾਰਡ ਦੇ ਇਕ ਕਮਰੇ 'ਚ ਦਾਖਲ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਸੋਮਵਾਰ ਰਾਤ ਕਮਰੇ 'ਚ ਬੱਚੇ ਦੇ ਨਾਲ ਮਾਂ, ਪਿਤਾ, ਦਾਦੀ ਅਤੇ ਤਾਈ ਵੀ ਮੌਜੂਦ ਸਨ।

ਸ਼ਬਨਮ ਮੰਜੇ 'ਤੇ ਸੌਂ ਰਹੀ ਸੀ, ਬਾਕੀ ਹੇਠਾਂ ਫਰਸ਼ 'ਤੇ ਸੁੱਤੇ ਹੋਏ ਸਨ। ਦੁੱਧ ਪਿਲਾਉਣ ਲਈ ਦਾਦੀ ਨੇ ਨਵਜੰਮੇ ਬੱਚੇ ਨੂੰ ਆਪਣੇ ਕੋਲ ਫਰਸ਼ 'ਤੇ ਲਿਟਾਇਆ ਸੀ। ਜਦੋਂ ਦੇਰ ਰਾਤ ਉਸ ਦੀ ਅੱਖ ਖੁੱਲ੍ਹੀ ਤਾਂ ਨਵਜੰਮਿਆ ਬੱਚਾ ਨਹੀਂ ਮਿਲਿਆ। ਹਸਪਤਾਲ ਵਿਚ ਭਾਜੜ ਮੱਚ ਗਈ। ਜਿਵੇਂ ਹੀ ਉਹ ਦੌੜਦੇ ਹੋਏ ਹਸਪਤਾਲ ਦੇ ਬਾਹਰ ਪਹੁੰਚੇ ਤਾਂ ਨਵਜੰਮਿਆ ਕੁੱਤੇ ਦੇ ਮੂੰਹ ਵਿਚ ਪਿਆ ਸੀ। ਕੁੱਤਾ ਬੱਚੇ ਨੂੰ ਨੋਂਚ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


Tanu

Content Editor

Related News