ਭੈਣ ਦੇ ਪ੍ਰੇਮ ਪ੍ਰਸੰਗ ਤੋਂ ਨਾਖੁਸ਼ ਸਨ ਭਰਾ, ਕਰਨ ਗਏ ਸਨ ਪ੍ਰੇਮੀ ਦਾ ਕਤਲ, ਪਿਓ ਨੂੰ ਉਤਾਰਿਆ ਮੌਤ ਦੇ ਘਾਟ
Saturday, Sep 09, 2023 - 04:17 PM (IST)
ਪਾਨੀਪਤ- ਹਰਿਆਣਾ ਦੇ ਜ਼ਿਲ੍ਹੇ ਪਾਨੀਪਤ ਦੇ ਕਾਬੜੀ ਰੋਡ 'ਤੇ ਸਥਿਤ ਅਰਜੁਨ ਨਗਰ ਵਿਚ ਸ਼ੁੱਕਰਵਾਰ ਰਾਤ ਭੈਣ ਦੇ ਪ੍ਰੇਮ ਪ੍ਰਸੰਗ ਤੋਂ ਨਾਖ਼ੁਸ਼ ਤਿੰਨ ਭਰਾਵਾਂ ਨੇ ਦੋਸਤ ਨਾਲ ਮਿਲ ਕੇ ਪ੍ਰੇਮੀ ਦੇ ਪਿਤਾ ਦੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਹਮਲਾਵਰ ਭੈਣ ਦੇ ਪ੍ਰੇਮੀ ਦੇ ਕਤਲ ਦੀ ਸਾਜ਼ਿਸ਼ ਤਹਿਤ ਆਏ ਸਨ ਅਤੇ ਪ੍ਰੇਮੀ 'ਤੇ ਹਮਲਾ ਕੀਤਾ ਪਰ ਵਿਚ-ਬਚਾਅ ਵਿਚ ਆਏ ਗੁਆਂਢੀਆਂ ਨੇ ਕਮਰੇ ਅੰਦਰ ਬੰਦ ਕਰ ਦਿੱਤਾ। ਜਿਸ ਨਾਲ ਪ੍ਰੇਮੀ ਦੀ ਤਾਂ ਜਾਨ ਬਚ ਗਈ ਪਰ ਦੋਸ਼ੀਆਂ ਨੇ ਉਸ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਮਗਰੋਂ ਪ੍ਰੇਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਵਾਰਦਾਤ ਸ਼ੁੱਕਰਵਾਰ ਰਾਤ 8.30 ਵਜੇ ਦੀ ਹੈ। ਪ੍ਰੇਮੀ ਪੰਕਜ ਨੇ ਦੱਸਿਆ ਕਿ ਉਸ ਦੇ ਪਿਤਾ ਵਿਸ਼ਵਾਸ ਗਿਰੀ ਹਰੀਨਗਰ 'ਚ ਇਕ ਫੈਕਟਰੀ ਵਿਚ ਮਸ਼ੀਨ ਚਲਾਉਂਦੇ ਸਨ। ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਮਕਾਨ ਵਿਚ 14 ਸਾਲਾ ਇਕ ਕੁੜੀ ਨਾਲ ਉਸ ਦਾ ਪਿਛਲੇ 6 ਮਹੀਨੇ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਉਸ ਦੇ ਭਰਾ ਅਨੂਪ, ਸੰਦੀਪ ਅਤੇ ਪ੍ਰਦੀਪ ਇਸ ਵਿਆਹ ਤੋਂ ਨਾਖ਼ੁਸ਼ ਸਨ ਅਤੇ ਉਹ ਸਾਰੇ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗੇ।
ਪੰਕਜ ਮੁਤਾਬਕ ਉਹ ਸ਼ੁੱਕਰਵਾਰ ਸ਼ਾਮ 5 ਵਜੇ ਪਿਤਾ ਵਿਸ਼ਵਾਸ ਨਾਲ ਬਾਜ਼ਾਰ ਵਿਚ ਸਬਜ਼ੀ ਲੈਣ ਗਿਆ ਸੀ। ਉਹ ਰਾਤ ਕਰੀਬ ਸਾਢੇ 8 ਵਜੇ ਘਰ ਪਰਤੇ ਤਾਂ ਅਨੂਪ, ਸੰਦੀਪ, ਪ੍ਰਦੀਪ ਅਤੇ ਇਕ ਹੋਰ ਨੌਜਵਾਨ ਘਰ 'ਚ ਦਾਖ਼ਲ ਹੋ ਗਏ ਅਤੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ। ਇਸ ਦਰਮਿਆਨ ਕਿਰਾਏਦਾਰਾਂ ਨੇ ਉਸ ਨੂੰ ਪੌੜੀਆਂ ਤੋਂ ਉੱਪਰ ਭੇਜ ਕੇ ਅੰਦਰ ਕਮਰੇ ਵਿਚ ਲੁੱਕਾ ਦਿੱਤਾ। ਜਾਂਚ ਅਧਿਕਾਰੀ ਪ੍ਰੇਮ ਚੰਦ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।