ਦਿੱਲੀ-ਉਦੈਪੁਰ-ਅਹਿਮਦਾਬਾਦ ਫਲਾਈਟ ਐਮਰਜੈਂਸੀ ਮੋਡ ’ਤੇ ਕਰਵਾਈ ਲੈਂਡ
Thursday, Oct 24, 2024 - 10:27 PM (IST)
ਉਦੈਪੁਰ- ਅੱਤਵਾਦੀ ਸੰਗਠਨਾਂ ਵੱਲੋਂ ਆਏ ਦਿਨ ਭਾਰਤੀ ਯਾਤਰੀ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਲਪੇਟ ਵਿਚ ਵੀਰਵਾਰ ਨੂੰ ਦਿੱਲੀ-ਉਦੈਪੁਰ-ਅਹਿਮਦਾਬਾਦ ਫਲਾਈਟ ਵੀ ਆ ਗਈ। ਉਦੈਪੁਰ ’ਚ ਉਤਰਣ ਦੇ ਤੈਅ ਸਮੇਂ ਤੋਂ ਪਹਿਲਾਂ ਹੀ ਜਹਾਜ਼ ’ਚ ਬੰਬ ਦੀ ਅਫਵਾਹ ਕਾਰਨ ਯਾਤਰੀ ਘਬਰਾ ਗਏ ਅਤੇ ਦਹਿਸ਼ਤ ਫੈਲ ਗਈ।
ਫਲਾਈਟ ਨੂੰ ਉਸ ਦੇ ਉਦੈਪੁਰ ਵਿਚ ਉਤਰਣ ਦੇ ਨਿਰਧਾਰਿਤ ਸਮੇਂ ’ਤੇ ਹੀ ਉਤਾਰਿਆ ਗਿਆ, ਪਰ ਐਮਰਜੈਂਸੀ ਮੋਡ ’ਤੇ ਲੈਂਡਿੰਗ ਹੋਈ। ਜਿਵੇਂ ਹੀ ਫਲਾਈਟ ਉਤਰੀ, ਸੁਰੱਖਿਆ ਫੋਰਸਾਂ ਨੇ ਉਸ ਨੂੰ ਘੇਰ ਲਿਆ ਅਤੇ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਕੁਝ ਨਾ ਮਿਲਣ ’ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਉਦੈਪੁਰ ਹੋ ਕੇ ਅਹਿਮਦਾਬਾਦ ਜਾਣ ਵਾਲੀ ਫਲਾਈਟ ਵਿਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫਲਾਈਟ ਸਟਾਫ ਨੇ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮਹਾਰਾਣਾ ਪ੍ਰਤਾਪ ਏਅਰਪੋਰਟ ’ਤੇ ਐਮਰਜੈਂਸੀ ਮੋਡ ਵਿਚ ਲੈਂਡਿੰਗ ਕਰਵਾਈ।