ਪੰਚਾਇਤ ਸਕੱਤਰ ਸੰਗਠਨ ਦਾ ਮੁਖੀ ਨਿਕਲਿਆ 2 ਕਰੋੜ 61 ਲੱਖ ਦੀ ਜਾਇਦਾਦ ਦਾ ਮਾਲਕ
Tuesday, May 31, 2022 - 06:40 PM (IST)

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਦੇ ਆਰਥਿਕ ਅਪਰਾਧ ਖੋਜ ਸੈੱਲ ਨੇ ਸੂਬੇ ’ਚ ਪੰਚਾਇਤੀ ਚੋਣਾਂ ਤੋਂ 25 ਦਿਨ ਪਹਿਲਾਂ ਸੂਬੇ ਦੀ ਪੰਚਾਇਤ ਸਕੱਤਰ ਸੰਗਠਨ ਦੇ ਮੁਖੀ ਦਿਨੇਸ਼ ਚੰਦਰ ਸ਼ਰਮਾ ਦੇ ਟਿਕਾਣਿਆਂ ’ਤੇ ਮੰਗਲਵਾਰ ਛਾਪੇ ਮਾਰੇ। ਛਾਪਿਆਂ ਦੌਰਾਨ ਸੰਗਠਨ ਦੇ ਮੁਖੀ ਦੀਆਂ ਇੰਦੌਰ ਅਤੇ ਭੋਪਾਲ ਸਮੇਤ ਵੱਖ-ਵੱਖ ਥਾਂਵਾਂ ਤੋਂ 2 ਕਰੋੜ 61 ਲੱਖ ਦੀ ਜਾਇਦਾਦ ਦਾ ਪਤਾ ਲੱਗਾ। ਸੰਗਠਨ ਦੀ ਉਜੈਨ ਇਕਾਈ ਦੇ ਪੁਲਸ ਮੁਖੀ ਦਲੀਪ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਪਿਛੋਂ ਦਿਨੇਸ਼ ਚੰਦਰ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ।
ਦਿਨੇਸ਼ 1998 ’ਚ 1200 ਰੁਪਏ ਮਾਸਿਕ ਤਨਖਾਹ ’ਤੇ ਸਰਕਾਰੀ ਸੇਵਾ ’ਚ ਭਰਤੀ ਹੋਇਆ ਸੀ। ਦਸੰਬਰ 2020 ’ਚ ਉਸ ਨੂੰ ਸਕੱਤਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ ਕੋਲੋਂ ਜੋ ਜਾਇਦਾਦ ਮਿਲੀ ਹੈ, ਉਹ ਉਸ ਦੇ ਆਮਦਨ ਦੇ ਜਾਣੂ ਸੋਮਿਆਂ ਤੋਂ 7 ਗੁਣਾ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ 25 ਜੂਨ ਤੋਂ 8 ਜੁਲਾਈ ਦਰਮਿਆਨ 3 ਪੜਾਵਾਂ 'ਚ ਪੰਚਾਇਤ ਚੋਣਾਂ ਦੀ ਵੋਟਿੰਗ ਹੋਣੀ ਹੈ।