ਪਾਲਘਰ ਤੋਂ ਬਾਅਦ ਹੁਣ ਯੂ.ਪੀ. ਦੇ ਬੁਲੰਦਸ਼ਹਿਰ ''ਚ 2 ਸਾਧੂਆਂ ਦਾ ਕਤਲ
Tuesday, Apr 28, 2020 - 10:10 AM (IST)

ਬੁਲੰਦਸ਼ਹਿਰ- ਮਹਾਰਾਸ਼ਟਰ ਦੇ ਪਾਲਘਰ 'ਚ 2 ਸਾਧੂਆਂ ਦੀ ਮੌਬ ਲਿੰਚਿੰਗ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਸਾਧੂਆਂ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਬੁਲੰਦਸ਼ਹਿਰ ਦੇ ਅਨੂਪਸ਼ਹਿਰ ਕੋਤਵਾਲੀ 'ਚ 2 ਸਾਧੂਆਂ ਦਾ ਕਤਲ ਕਰ ਦਿੱਤਾ ਗਿਆ। ਮੰਦਰ ਕੰਪਲੈਕਸ 'ਚ ਸੌਂ ਰਹੇ 2 ਸਾਧੂਆਂ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਭੀੜ ਨੇ ਦੋਸ਼ੀ ਨੂੰ ਫੜ ਕੇ ਪੁਲਸ ਨੂੰ ਸੌਂਪ ਦਿੱਤਾ ਹੈ। ਜਾਣਕਾਰੀ ਅਨੁਸਾਰ, ਅਨੂਪਸ਼ਹਿਰ ਕੋਤਵਾਲੀ ਦੇ ਪਗੋਨਾ ਪਿੰਡ 'ਚ ਇਕ ਸ਼ਿਵ ਮੰਦਰ ਹੈ। ਮੰਦਰ 'ਚ ਰਹਿਣ ਵਾਲੇ 55 ਸਾਲਾ ਸਾਧੂ ਜਗਨਦਾਸ ਅਤੇ 35 ਸਾਲਾ ਸਾਧੂ ਸੇਵਾਦਾਸ ਦੀ ਸੋਮਵਾਰ ਰਾਤ ਕਤਲ ਕਰ ਦਿੱਤਾ ਗਿਆ ਹੈ। ਮੰਗਲਵਾਰ ਸਵੇਰੇ ਜਦੋਂ ਪਿੰਡ ਵਾਸੀ ਮੰਦਰ ਪਹੁੰਚੇ ਤਾਂ ਸਾਧੂਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਦੇਖ ਕੇ ਭੜਕ ਗਏ। ਦੇਖਦੇ ਹੀ ਦੇਖਦੇ ਮੰਦਰ 'ਚ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਦਰਮਿਆਨ ਪਿੰਡ ਵਾਸੀਆਂ ਨੇ ਇਕ ਸ਼ਖਸ 'ਤੇ ਸ਼ੱਕ ਜਤਾਇਆ। ਇਸ ਤੋਂ ਬਾਅਦ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਫੋਰਸ ਪਹੁੰਚ ਗਈ ਅਤੇ ਦੋਸ਼ੀ ਸ਼ਖਸ ਨੂੰ ਆਪਣੀ ਕਸਟਡੀ 'ਚ ਲੈ ਲਿਆ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਪਾਲਘਰ 'ਚ 16-17 ਅਪ੍ਰੈਲ ਦੀ ਦਰਮਿਆਨੀ ਰਾਤ 2 ਸਾਧੂਆਂ ਅਤੇ ਉਨਾਂ ਦੇ ਡਰਾਈਵ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿੰਡ ਵਾਸੀਆਂ ਨੇ ਚੋਰ ਦੇ ਸ਼ੱਕ 'ਚ ਤਿੰਨਾਂ ਦੀ ਕੁੱਟਮਾਰ ਕੀਤੀ ਸੀ। ਇਸ ਦੌਰਾਨ ਪੁਲਸ ਕਰਮਚਾਰੀ ਤਮਾਸ਼ਾ ਦੇਖਦੇ ਰਹੇ। ਇਸ ਮਾਮਲੇ 'ਚ 100 ਤੋਂ ਵਧ ਲੋਕ ਗ੍ਰਿਫਤਾਰ ਕੀਤੇ ਗਏ ਸਨ।