''''ਸਾਡੇ ਕੋਲ ਉਨ੍ਹਾਂ ਵਰਗਾ..!'''', ਪਾਕਿ ਦਾ ਪੈਟਰੋਲੀਅਮ ਮੰਤਰੀ ਵੀ ਹੋਇਆ ਭਾਰਤ ਦਾ ਮੁਰੀਦ, ਬੰਨ੍ਹ''ਤੇ ਤਾਰੀਫ਼ਾਂ ਦੇ ਪੁਲ
Saturday, May 02, 2026 - 12:56 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲੀ ਭਿਆਨਕ ਜੰਗ ਕਾਰਨ ਤੇਲ ਦੀ ਸਪਲਾਈ ਠੱਪ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨੇ ਪਾਕਿਸਤਾਨ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਕਟ ਵਿਚਾਲੇ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਭਾਰਤ ਦੀ ਤੇਲ ਨੀਤੀ ਅਤੇ ਆਰਥਿਕ ਸਥਿਰਤਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।
ਮਲਿਕ ਨੇ ਕਿਹਾ ਕਿ ਸਾਡੇ ਕੋਲ ਭਾਰਤ ਵਰਗਾ ਤੇਲ ਭੰਡਾਰ ਮੌਜੂਦ ਨਹੀਂ ਹੈ। ਭਾਰਤ ਕੋਲ ਇਸ ਸਮੇਂ 60-70 ਦਿਨਾਂ ਦਾ ਰਣਨੀਤਕ ਤੇਲ ਭੰਡਾਰ ਮੌਜੂਦ ਹੈ, ਜੋ ਸਿਰਫ਼ ਇੱਕ ਦਸਤਖ਼ਤ ਨਾਲ ਜਾਰੀ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਪਾਕਿਸਤਾਨ ਕੋਲ ਸਿਰਫ਼ 5 ਤੋਂ 7 ਦਿਨਾਂ ਦਾ ਕੱਚਾ ਤੇਲ ਅਤੇ 20-21 ਦਿਨਾਂ ਦਾ ਰਿਫਾਇੰਡ ਤੇਲ ਹੀ ਬਚਿਆ ਹੈ। ਉਨ੍ਹਾਂ ਭਾਰਤ ਦੇ 600 ਅਰਬ ਡਾਲਰ ਤੋਂ ਵੱਧ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਮਜ਼ਬੂਤ ਭੰਡਾਰ ਕਾਰਨ ਭਾਰਤ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਝਟਕੇ ਨੂੰ ਸਹਿਣ ਦੇ ਸਮਰੱਥ ਹੈ।
ਇਹ ਵੀ ਪੜ੍ਹੋ- 'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ, ਫ਼ਿਰ ਯੂਰਪ ਤੇ US..!' ਟਰੰਪ ਨੇ NATO ਨੂੰ ਦੇ'ਤੀ ਚਿਤਾਵਾਨੀ
ਪਾਕਿਸਤਾਨੀ ਮੰਤਰੀ ਨੇ ਮੰਨਿਆ ਕਿ ਭਾਰਤ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ, ਜਿਸ ਕਾਰਨ ਉਹ ਆਪਣੀ ਮਰਜ਼ੀ ਅਨੁਸਾਰ ਤੇਲ 'ਤੇ ਟੈਕਸ ਘਟਾ ਕੇ ਜਨਤਾ ਨੂੰ ਰਾਹਤ ਦੇ ਸਕਦਾ ਹੈ। ਜਦਕਿ ਪਾਕਿਸਤਾਨ ਨੂੰ ਹਰ ਛੋਟੇ ਫੈਸਲੇ ਲਈ IMF ਦੀਆਂ ਸਖ਼ਤ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 'ਸਟ੍ਰੇਟ ਆਫ ਹੋਰਮੁਜ਼' 'ਚ ਹੋਈ ਨਾਕਾਬੰਦੀ ਕਾਰਨ ਤੇਲ ਸਪਲਾਈ ਵਿੱਚ ਆਈ ਰੁਕਾਵਟ ਦਾ ਅਸਰ ਭਾਰਤ 'ਤੇ ਸਭ ਤੋਂ ਘੱਟ ਹੋਇਆ ਹੈ, ਕਿਉਂਕਿ ਭਾਰਤ ਨੇ ਪਹਿਲਾਂ ਹੀ ਕਈ ਦੇਸ਼ਾਂ ਤੋਂ ਤੇਲ ਖਰੀਦ ਕੇ ਆਪਣੇ ਭੰਡਾਰ ਭਰ ਲਏ ਸਨ।
ਪਾਕਿਸਤਾਨ ਦੀ ਸਥਿਤੀ ਬਾਰੇ ਬੋਲਦਿਆਂ ਮਲਿਕ ਨੇ ਦੱਸਿਆ ਕਿ ਪਾਕਿਸਤਾਨ ਨੂੰ ਤੇਲ ਦੀਆਂ ਕੀਮਤਾਂ ਵਧਣ ਕਾਰਨ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ IMF ਨਾਲ ਗੁਪਤ ਗੱਲਬਾਤ ਕਰਨੀ ਪਈ। ਪਾਕਿਸਤਾਨ ਨੇ ਡੀਜ਼ਲ 'ਤੇ ਟੈਕਸ ਘਟਾਉਣ ਲਈ ਪੈਟਰੋਲ 'ਤੇ ਬੋਝ ਵਧਾਇਆ ਹੈ ਤਾਂ ਜੋ IMF ਨਾਲ ਕੀਤੇ ਵਾਅਦੇ ਨਾ ਟੁੱਟਣ।
ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ 28 ਮਾਰਚ ਨੂੰ ਸ਼ੁਰੂ ਹੋਈ ਜੰਗ 40 ਦਿਨਾਂ ਤੱਕ ਭਿਆਨਕ ਰੂਪ 'ਚ ਜਾਰੀ ਰਹਿਣ ਤੋਂ ਬਾਅਦ ਹੁਣ ਕੁਝ ਹੱਦ ਤੱਕ ਸ਼ਾਂਤ ਹੈ ਤੇ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੇ ਰਾਹ ਲੱਭ ਰਹੀਆਂ ਹਨ। ਪਰ ਇਸ ਦੌਰਾਨ ਹੋਰਮੁਜ਼ 'ਤੇ ਅਮਰੀਕਾ ਤੇ ਇਰਾਨ ਵੱਲੋਂ ਕੀਤੀ ਗਈ ਨਾਕਾਬੰਦੀ ਕਾਰਨ ਦੁਨੀਆ ਭਰ 'ਚ ਤੇਲ ਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪਾਕਿਸਤਾਨ 'ਤੇ ਦਿਖਿਆ ਹੈ। ਹੁਣ ਜਦੋਂ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਲਈ ਗੱਲਬਾਤ ਜਾਰੀ ਹੈ ਤਾਂ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਤੱਕ ਹੋਰਮੁਜ਼ ਦੀ ਨਾਕਾਬੰਦੀ ਹਟਾ ਦਿੱਤੀ ਜਾਵੇਗੀ ਤੇ ਤੇਲ-ਗੈਸ ਦੀ ਸਪਲਾਈ ਮੁੜ ਬਹਾਲ ਹੋ ਜਾਵੇਗੀ।
ਇਹ ਵੀ ਪੜ੍ਹੋ- ਇਰਾਨ ਮਗਰੋਂ ਹੁਣ ਜਰਮਨੀ ਨਾਲ 'ਪੰਗਾ' ਲੈਣ ਦੇ ਮੂਡ 'ਚ ਟਰੰਪ ! 5,000 ਫ਼ੌਜੀ ਜਵਾਨ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
